ਅਸ਼ੋਕ ਵਰਮਾ
ਚੰਡੀਗੜ੍ਹ, 15 ਨਵੰਬਰ 2020 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਾਲੀ ਦੀਵਾਲੀ ਮਨਾਉਣ ਦੇ ਸੱਦੇ ਤਹਿਤ ਕਰੀਬ 15 ਸੌ ਪਿੰਡਾਂ ’ਚ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਬੱਚਿਆਂ ਨੇ ਮੋਦੀ ਸਰਕਾਰ ਦੀਆਂ ਅਰਥੀ ਫੂਕ ਮੁਜ਼ਾਹਰੇ ਕੀਤੇ। ਮੁਜ਼ਾਹਰਾਕਾਰੀਆਂ ਨੇ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਕੀਤੀ ਪੰਜਾਬ ਦੀ ਆਰਥਿਕ ਨਾਕਾਬੰਦੀ ਖਤਮ ਕਰਨ ਅਤੇ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ।
ਸੰਘਰਸ਼ ਕਮੇਟੀ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ’ਚ ਰੋਹ ਦਾ ਪ੍ਰਗਟਾਵਾ ਸਵੇਰ ਹੁੰਦਿਆਂ ਹੀ ਸ਼ੁਰੂ ਹੋ ਗਿਆ ਅਤੇ ਦੇਰ ਸ਼ਾਮ ਤੱਕ ਜਾਰੀ ਰਿਹਾ। ਅਰਥੀ ਫੂਕ ਮੁਜ਼ਾਹਰਿਆਂ ਦੀ ਤਰਨਤਾਰਨ ’ਚ ਸੁਖਵਿੰਦਰ ਸਿੰਘ ਸਭਰਾ , ਹਰਪ੍ਰੀਤ ਸਿੰਘ ਸਿੱਧਵਾਂ , ਫਿਰੋਜਪੁਰ ’ਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਸ੍ਰੀ ਮੁਕਤਸਰ ਸਾਹਿਬ, ਫਾਜਲਿਕਾ ਤੇ ਮੋਗਾ ਵਿੱਚ ਜਸਬੀਰ ਸਿੰਘ ਪਿੱਦੀ , ਜਲੰਧਰ ਤੇ ਕਪੂਰਥਲਾ ’ਚ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ,ਗੁਰਦਾਸਪੁਰ , ਹੁਸ਼ਿਆਰਪੁਰ ਤੇ ਸ੍ਰੀ ਹਰਗੋਬਿੰਦ ਪੁਰ ’ਚ ਸ਼ਵਿੰਦਰ ਸਿੰਘ ਚੁਤਾਲਾ ਨੇ ਅਗਵਾਈ ਕੀਤੀ।
ਉੱਧਰ ਸੰਘਰਸ਼ ਕਮੇਟੀ ਦੀ ਅਗਵਾਈ ’ਚ ਜੰਡਿਆਲਾ ਗੁਰੂ ਵਿਖੇ ਚੱਲ ਰਿਹਾ ਰੇਲ ਰੋਕੋ ਅੰਦੋਲਨ 53 ਵੇਂ ਦਿਨ ਦਾਖਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਆਸ ਮੁਤਾਬਕ ਬੇਸਿੱਟਾ ਰਹੀ ਹੈ ਇਸ ਲਈ ਹੁਣ ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੱਲਬਾਤ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕੇਂਦਰੀ ਮੰਤਰੀਆਂ ਨੂੰ ਤਾਂ ਖੇਤੀ ਕਾਨੂੰਨਾਂ ਦੇ ਇਸ ਤਰ੍ਹਾਂ ਦੇ ਮਾੜੇ ਬੁਰੇ ਪੱਖਾਂ ਸਬੰਧੀ ਪਤਾ ਨਹੀਂ ਸੀ। ਇਹ ਗੱਲ ਮੰਤਰੀਆਂ ਨੇ ਕਬੂਲ ਕੀਤੀ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਸੀ ਕਿ ਹੁਣ ਇਹਨਾਂ ਕਾਨੂੰਨਾਂ ਦੇ ਬੇਹੱਦ ਮਾੜੇ ਪ੍ਰਭਾਵਾਂ ਸਬੰਧੀ ਪਤਾ ਲੱਗਣ ਤੋਂ ਬਾਅਦ ਇਹ ਕਾਨੂੰਨ ਰੱਦ ਕਰਨ ’ਚ ਦੇਰ ਨਹੀਂ ਕਰਨੀ ਚਾਹੀਦੀ। ਕਿਸਾਨ ਆਗੂਆਂ ਨੇ ਕਮੇਟੀ ਬਣਾਉਣ ਨੂੰ ਕਿਸਾਨ ਸੰਘਰਸ਼ ਖਤਮ ਕਰਨ ਦੀ ਸਾਜਿਸ਼ ਕਰਾਰ ਦਿੰਦਿਆਂ ਇਹ ਕਾਨੂੰਨ ਇੱਕ ਸਾਲ ਮੁਲਤਵੀ ਕਰਕੇ ਫਿਰ ਕਮੇਟੀਆਂ ਦੇ ਬਾਰੇ ਸੋਚਣ ਦੀ ਸਲਾਹ ਵੀ ਦਿੱਤੀ ਹੈ।
ਅਰਥੀ ਫੂਕ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਾ ਚਲਾ ਕੇ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕੇਂਦਰ ਵੱਲੋਂ ਪਹਿਲਾਂ ਯਾਤਰੂ ਗੱਡੀਆਂ ਅਤੇ ਫਿਰ ਮਾਲ ਗੱਡੀਆਂ ਚਲਾਉਣ ਦੀ ਸ਼ਰਤ ਨੂੰ ਪੂਰੀ ਤਰ੍ਹਾਂ ਗੈਰਵਾਜਬ ਦੱਸਿਆ ਹੈ।
ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਮਾਲ ਗੱਡੀਆਂ ਚਲਾਉਣ ਉਪਰੰਤ ਮਹੌਲ ਸੁਖਾਵਾਂ ਅਤੇ ਕਾਨੂੰਨ ਵਾਪਿਸ ਲੈਕੇ ਸਥਿਤੀ ਆਮ ਵਰਗੀ ਬਣਾਉਣੀ ਚਾਹੀਦੀ ਹੈ। ਰੇਲ ਰੋਕੋ ਅੰਦੋਲਨ ਨੂੰ ਚਰਨ ਸਿੰਘ ਕਲੇਰ ਘੁਮਾਣ, ਅਜੀਤ ਸਿੰਘ ਠੱਠੀਆਂ, ਤਰਸੇਮ ਸਿੰਘ ਬੁਤਾਲਾ, ਸੁਰਜੀਤ ਸਿੰਘ ਸਠਿਆਲਾ, ਜੁਗਿੰਦਰ ਸਿੰਘ ਬੇਦਾਦਪੁਰ ਅਤੇ ਕਰਮ ਸਿੰਘ ਬੱਲਸਰਾਂ ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਭਖਾ ਦਿੱਤਾ ਜਾਏਗਾ।