ਚੰਡੀਗੜ੍ਹ, 26 ਅਕਤੂਬਰ 2020 - 'ਖੇਤੀ ਸਬੰਧਿਤ ਕੇਂਦਰ ਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਦੀ ਬਜਾਏ ਕੇਂਦਰ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਬੰਦ ਕਰ ਕੇ ਸਾਜਿਸ ਤਹਿਤ ਟਕਰਾਅ ਵਾਲੀ ਸਥਿਤੀ ਪੈਦਾ ਕਰ ਰਿਹਾ ਹੈ' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਤਾਨਸਾਹੀ ਫੁਰਮਾਨ ਨਾਲ ਪੰਜਾਬ ਵਿੱਚ ਆਰਥਿਕ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੋਵੇਗਾ ਅਤੇ ਮਹਿੰਗਾਈ ਦੀ ਮਾਰ ਹਰੇਕ ਵਰਗ ਨੂੰ ਝੱਲਣੀ ਪਵੇਗੀ ਬੱਬੀ ਬਾਦਲ ਨੇ ਕਿਹਾ ਕਿ ਪਿਛਲੇ ਲੰਮੇ ਸਮੇ ਤੋ ਕੇਂਦਰ ਨੇ ਆਰਥਿਕ ਤੌਰ 'ਤੇ ਮੋਹਰੀ ਸੂਬੇ ਪੰਜਾਬ ਨੂੰ ਕੁੱਝ ਅਜਿਹੀਆਂ ਸੱਟਾਂ ਮਾਰੀਆਂ ਕਿ ਪੰਜਾਬ ਨੂੰ ਇਸ ਦਾ ਭਾਰੀ ਨੁਕਸਾਨ ਉਠਾਉਣਾ ਪਿਆ ਸਭ ਤੋਂ ਪਹਿਲਾਂ ਤਾਂ ਅਤਿਵਾਦ ਨਾਲ ਦੇਸ਼ ਦੀ ਲੜਾਈ ਲੜਨ ਵਾਲੇ ਪੰਜਾਬ ਨੂੰ ਉਸਦਾ ਸਾਰਾ ਖਰਚਾ ਪਾ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਨੇੜੇ ਵਾਲੇ ਸੂਬਿਆਂ ਨੂੰ ਭਾਰੀ ਆਰਥਿਕ ਬੋਝ ਦੇ ਕੇ ਪੰਜਾਬ ਦੇ ਉਦਯੋਗ ਨੂੰ ਦੂਸਰੇ ਰਾਜਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਹੁਣ ਖੇਤੀ ਕਾਨੂੰਨਾਂ ਦੀ ਆੜ ਹੇਠ ਕੇਂਦਰ ਸਰਕਾਰ ਸੂਬੇ ਨੂੰ ਕਮਜੋਰ ਕਰਨ ਵਿੱਚ ਲੱਗੀ ਹੈ।
ਬੱਬੀ ਬਾਦਲ ਨੇ ਕਿਹਾ ਕਿ ਇਸ ਨੂੰ ਪੰਜਾਬ ਦੇ ਲੋਕ ਬਰਦਸ਼ਾਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੁਖਲਾਹਟ ਵਿਚ ਲਏ ਜਾ ਰਹੇ ਇਹੋ ਜਿਹੇ ਤਾਨਾਸ਼ਾਹੀ ਫੁਰਮਾਨਾਂ ਦੀ ਥਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਕੇ ਕਿਸਾਨਾਂ ਨੂੰ ਰਾਹਤ ਦੇਵੇ।