ਫਿਰੋਜ਼ਪੁਰ 5 ਅਕਤੂਬਰ 2020 : ਕਾਰਪੋਰੇਟ ਜਗਤ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਵਿੱਚ ਲੱਗੀ ਹੋਈ ਕੇਂਦਰ ਦੀ ਮੋਦੀ ਸਰਕਾਰ ਦੇ ਜਬਰ ਦਾ ਵਿਰੋਧ ਕਰ ਰਹੀਆਂ ਭਾਰਤ ਤੇ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਪੰਜ ਨਵੰਬਰ ਨੂੰ ਬੰਦ ਦੇ ਸੱਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮੱਖੂ, ਜ਼ੀਰਾ-1, ਜ਼ੀਰਾ-2 ਵੱਲੋਂ ਬੰਗਾਲੀ ਵਾਲਾ ਪੁਲ (ਫਿਰੋਜ਼ਪੁਰ) ਪੂਰਨ ਤੌਰ 12ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਕਰਕੇ ਮੁਕੰਮਲ ਆਵਾਜਾਈ ਬੰਦ ਕੀਤੀ ਗਈ।
ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਖੇਤੀ ਕਿੱਤੇ ਨੂੰ ਬਰਬਾਦ ਕਰਨ ਤੇ ਦੇਸ਼ ਦੇ ਕਿਸਾਨਾਂ ਨੂੰ ਅੰਬਾਨੀਆਂ ਅਡਾਨੀਆਂ ਦੇ ਗੁਲਾਮ ਬਣਾਉਣ ਲਈ ਹਰ ਤਰ੍ਹਾਂ ਦੇ ਕੀਤੇ ਜਾ ਲਏ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਮੋਦੀ ਸਰਕਾਰ ਵੱਲੋਂ ਜੋ ਤਿੰਨ ਖੇਤੀ ਆਰਡੀਨੈਂਸਾਂ ਦੇ ਕਾਨੂੰਨ ਬਣਾਏ ਹਨ। ਉਨ੍ਹਾਂ ਨਾਲ ਪੰਜਾਬ ਤੇ ਦੇਸ਼ ਦੇ ਕਿਸਾਨ ਬੁਰੀ ਤਰ੍ਹਾਂ ਬਰਬਾਦ ਹੋ ਜਾਣਗੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੋ ਪਰਾਲੀ ਸਾੜਨ ਦੇ ਵਿਰੁੱਧ 1ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਦਾ ਮੋਦੀ ਵੱਲੋਂ ਫੁਰਮਾਨ ਜਾਰੀ ਹੋਇਆ ਹੈ ਇਹ ਸਿਰਫ਼ ਤੇ ਸਿਰਫ਼ ਕਿਸਾਨੀ ਕਿੱਤੇ ਦੀ ਬਰਬਾਦੀ ਹੈ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਕਰਨ ਲਈ ਕਿਸਾਨ ਨਾ ਜ਼ਿੰਮੇਵਾਰ ਹੋ ਕੇ ਚੱਲ ਰਹੀਆਂ ਫੈਕਟਰੀਆਂ ਦਾ ਧੂੰਆਂ ਕਿਤੇ ਵੀ ਸਰਕਾਰ ਨੂੰ ਨਜ਼ਰੀਂ ਨਹੀਂ ਆ ਰਿਹਾ।
ਮੋਦੀ ਵੱਲੋਂ ਅਕਸਰ ਹੀ ਆਪਣੇ ਭਾਸ਼ਣਾਂ ਵਿੱਚ "ਅੱਛੇ ਦਿਨ ਆਨੇ ਵਾਲੇ ਹੈਂ" ਤੇ "ਮੈਂ ਦੇਸ਼ ਕੋ ਬਿਕਨੇ ਨਹੀਂ ਦੂੰਗਾ" ਦੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਰਾਹੀਂ ਦੇਸ਼ ਦੀ ਜਨਤਾ ਨਾਲ ਧੋਖਾ ਕਰਕੇ ਰੇਲਵੇ, ਹਵਾਈ ਅੱਡੇ, ਐੱਲ. ਆਈ. ਸੀ., ਤੇਲ ਕੰਪਨੀਆਂ ਆਦਿ ਨੂੰ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਇਕ ਵਾਰ ਫਿਰ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਨ ਦੀ ਫੁੱਲ ਤਿਆਰੀ ਹੈ ਤੇ ਆਪਣੇ ਅਕਾਵਾਂ ਅੰਬਾਨੀਆਂ, ਅਡਾਨੀਆਂ ਨੂੰ ਖੁਸ਼ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਜੋ ਕਿ ਕਿਸਾਨਾਂ ਤੇ ਦੇਸ਼ ਦੀ ਜਨਤਾ ਨੂੰ ਇਹੋ ਜਿਹੇ ਘਟੀਆ ਕਾਨੂੰਨ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਹਨ ਤੇ ਨਾ ਹੀ ਇਨ੍ਹਾਂ ਨੂੰ ਲਾਗੂ ਹੋਣ ਦਿੱਤਾ ਜਾਵੇਗਾ ।
ਜੇ ਕਿਸਾਨਾਂ ਨੂੰ ਇਹੋ ਜਿਹੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਆਪਣੀਆਂ ਜਾਨਾਂ ਦੇ ਕੇ ਵੀ ਸੌਦੇ ਕਰਨੇ ਪਏ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਬਲਵਿੰਦਰ ਸਿੰਘ, ਸੁਖਵੰਤ ਸਿੰਘ ਲੋਹੁਕਾ, ਸੁਰਿੰਦਰ ਸਿੰਘ ਘੁੱਦੂਵਾਲਾ,ਅੰਗਰੇਜ਼ ਸਿੰਘ ਬੂਟੇਵਾਲਾ, ਲਖਵਿੰਦਰ ਸਿੰਘ ਜੋਗੇਵਾਲਾ, ਕੁਲਦੀਪ ਸਿੰਘ ਫੇਮੀਵਾਲਾ,ਲਖਵਿੰਦਰ ਸਿੰਘ ਬਸਤੀ ਨਾਮਦੇਵ, ਅਮਨਦੀਪ ਸਿੰਘ, ਬਲਰਾਜ ਸਿੰਘ ਫੇਰੋਕੇ,ਵੀਰ ਸਿੰਘ ਨਿਜ਼ਾਮਦੀਨ,ਕਰਨ ਮੱਖੂ,ਜਰਨੈਲ ਸਿੰਘ, ਨਿਰਮਲ ਸਿੰਘ, ਕਾਬੁਲ ਸਿੰਘ,ਸ਼ਰਮੇਲ ਸਿੰਘ, ਅਜੀਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।