ਅਸ਼ੋਕ ਵਰਮਾ
- ਪੁਲਿਸ ਵੱਲੋਂ ਭਾਰੀ ਨਾਕਾਬੰਦੀ-ਕਿਸਾਨਾਂ ਵੱਲੋਂ ਨਾਅਰੇਬਾਜੀ
ਬਠਿੰਡਾ, 25 ਨਵੰਬਰ 2020 - ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਰੱਦ ਕਰਨ ਵਰਗੀਆਂ ਮੰਗਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਵਾਲੇ ਕਾਫਲਿਆਂ ਦੇ ਸਵਾਗਤ ਕਰਨ ਅਤੇ ਲੰਗਰਾਂ ਦੇ ਪ੍ਰਬੰਧਾਂ ਲਈ ਜਿੱਥੇ ਹਰਿਆਣਾ ਦੀ ਬਠਿੰਡਾ ਡੱਬਵਾਲੀ ਸਰਹੱਦ ਤੇ ਬੀਕੇਯੂ ਉਗਰਾਹਾਂ ਦਾ ਵੱਡਾ ਕਾਫਲਾ ਪੁੱਜ ਗਿਆ ਹੈ ਉੱਥੇ ਹੀ ਮਾਲਵੇ ਦੇ ਵੱਖ ਵੱਖ ਪਿੰਡਾਂ ਤੋਂ ਕਿਸਾਨ ਵੀ ਜੱਥਿਆਂ ਦੇ ਰੂਪ ’ਚ ਸੀਮਾ ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦੇ ਜੱਥੇੇ ਪਹੁੰਚਣ ਤੋਂ ਪਹਿਲਾਂ ਖੱਟਰ ਸਰਕਾਰ ਦੇ ਹੁਕਮਾਂ ਤੇ ਹਰਿਆਣਾ ਪੁਲਿਸ ਵੱਲੋਂ ਭਾਰੀ ਨਾਕੇਬੰਦੀ ਕਰਕੇ ਰਸਤੇ ਨੂੰ ਸੀਲ ਕਰਨ ਦੇ ਵਿਰੋਧ ’ਚ ਕਿਸਾਨਾਂ ਨੇ ਜਬਰਦਸਤ ਨਾਅਰੇਬਾਜੀ ਕੀਤੀ।
ਭੜਕੇ ਕਿਸਾਨਾਂ ਨੇ ਖੱਟਰ ਸਰਕਾਰ ਨੂੰ ਤਿੱਖੇ ਸ਼ਬਦਾਂ ਨਾਲ ਨਿਸ਼ਾਨਾ ਬਣਾਇਆ ਅਤੇ ਮੋਦੀ ਸਰਕਾਰ ਖਿਲਾਫ ਤਿੱਖੇ ਹਮਲੇ ਕਰਦਿਆਂ ਦੋਵਾਂ ਸਰਕਾਰਨੂੰ ਸਿਆਣਪ ਤੋਂ ਕੰਮ ਕਰਨ ਦੀ ਸਲਾਹ ਦਿੱਤੀ। ਕਿਸਾਨ ਆਗੂ ਗੁਰਪਾਸ਼ ਸਿੰਘ ਤੇ ਕੁਲਵੰਤ ਰਾਏ ਸ਼ਰਮਾ ਨੇ ਭਾਜਪਾ ਹਕੂਮਤ ਦੇ ਇਸ ਕਦਮ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਆਖਿਆ ਕਿ ਪੁਲਿਸ ਤਾਕਤ ਦੇ ਜੋਰ ਕਿਸਾਨਾਂ ਦੀ ਹੱਕੀ ਅਵਾਜ ਨੂੰ ਨਹੀਂ ਦਬਾਇਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਜੇਕਰ ਮੋਦੀ ਸਰਕਾਰ ਖੁਦ ਨੂੰ ਐਨਂ ਹੀ ਤਾਕਤਵਰ ਸਮਝਦੀ ਹੈ ਤਾਂ ਉਹ ਕਿਸਾਨ ਰੋਹ ਦਾ ਸਾਹਮਣਾ ਕਰੇ ਅਤੇ ਸਰਹੱਦਾਂ ਤੋਂ ਨਾਕੇ ਹਟਾਏ। ਉਹਨਾਂ ਦੱਸਿਆ ਕਿ 26 ਨਵੰਬਰ ਉਹਨਾਂ ਦੀ ਜਥੇਬੰਦੀ ਦੇ 9 ਜਿਲਿਆਂ ਚੋ ਹਜਾਰਾਂ ਕਿਸਾਨ, ਔਰਤਾਂ, ਮਜਦੂਰ, ਨੌਜਵਾਨ ਪੁੱਜਣਗੇ ਅਤੇ ਹਰ ਹਾਲਤ ’ਚ ਦਿੱਲੀ ਤਰਫ ਰਵਾਨਾ ਹੋਣਗੇ।
ਇਸ ਮੌਕੇ ਕਿਸਾਨਾਂ ਨੇ ਰੋਹ ਭਰਪੂਰ ਨਾਹਰੇ ਮਾਰਕੇ ਕੇਂਦਰ ਦੀ ਭਾਜਪਾ ਹਕੂਮਤ ਤੇ ਹਰਿਆਣਾ ਸਰਕਾਰ ਨੂੰ ਲਾਅਨਤਾਂ ਪਾਈਆਂ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਇਸੇ ਦੌਰਾਨ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਇਹਨਾਂ ਕਦਮਾਂ ਦੀ ਨਿਖੇਧੀ ਕਰਦਿਆਂ ਇਸ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਤੇ ਡਾਕਾ ਕਰਾਰ ਦਿੱਤਾ। ਖੇਤ ਮਜਦੂਰ ਆਗੂ ਨੇ ਦਿੱਲੀ ਕੂਚ ਕਰ ਰਹੇ ਕਿਸਾਨ ਕਾਫਲਿਆਂ ਨੂੰ ਡੱਬਵਾਲੀ ਸਮੇਤ ਵੱਖ ਵੱਖ ਥਾਵਾਂ ‘ਤੇ ਭਾਰੀ ਨਾਕੇਬੰਦੀ ਕਰਕੇ ਰੋਕਣ ਅਤੇ ਹਰਿਆਣਾ ਤੋਂ ਦਿੱਲੀ ਜਾ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਅਤੇ ਕਿਸਾਨਾਂ ਨੂੰ ਗਿਰਫਤਾਰ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਹਨਾਂ ਆਖਿਆ ਕਿ ਖੱਟਰ ਸਰਕਾਰ ਵੱਲੋਂ ਚੁੱਕੇ ਜਾਬਰ ਕਦਮਾਂ ਤੋਂ ਜਾਪਦਾ ਹੈ ਕਿ ਹਰਿਆਣਾ ’ਚ ਜੰਗਲ ਰਾਜ ਹੋ ਗਿਆ ਹੈ।