ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ 2020 - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਵਿਰੋਧੀ ਕਾਨੂੰਨਾਂ, ਬਿਜਲੀ ਸੋਧ ਕਾਨੂੰਨ 2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਰੋੜਾਂ ਦੇ ਜੁਰਮਾਨੇ ਅਤੇ ਸਜਾ ਦੇ ਨਿਯਮਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲੋ ਪ੍ਰੋਗਰਾਮ ਵਾਸਤੇ ਪਿੰਡਾਂ ’ਚ ਲਾਮਬੰਦੀ ਦੇ ਮੰਤਵ ਨਾਲ ਔਰਤਾਂ ਦੇ ਕਾਫਲਿਆਂ ਨੇ ਵਹੀਰਾਂ ਘੱਤ ਦਿੱਤੀਆਂ ਹਨ। ਭਾਰਤ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ 26 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਨਾਲ ਤਾਲਮੇਲ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਿੱਲੀ ਜਾਣ ਲਈ ਤਿਆਰੀਆਂ ਤਹਿਤ ਅਜਿਹਾ ਪ੍ਰੋਗਰਾਮ ਚਲਾ ਰਹੀ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪਿੰਡਾਂ ’ਚ ਦਿੱਲੀ ਸੰਘਰਸ਼ ਲਈ ਭਾਰੀ ੳਤਸ਼ਾਹ ਪਾਇਆ ਜਾ ਰਿਹਾ ਹੈ
ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਕਮੇਟੀ ਵੱਲੋਂ 21, 22 ਅਤੇ 23 ਨਵੰਬਰ ਨੂੰ ਔਰਤਾਂ ਅਤੇ ਨੌਜਵਾਨਾਂ ਵੱਲੋਂ ਪਿੰਡ ਹਿਲਾਓ ਪਿੰਡ ਜਗਾਓ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੁਹਿੰਮ ਨੂੰ ਬਠਿੰਡਾ ਦੇ ਪਿੰਡਾਂ ਵਿੱਚ ਵੱਡਾ ਹੁਲਾਰਾ ਮਿਲ ਰਿਹਾ ਹੈ ।ਦੋ ਦਿਨਾਂ ਵਿਚ ਜਿਲੇ ਦੇ ਮਾਈਸਰਖਾਨਾ, ਮੌੜ ਖੁਰਦ, ਸਿਵੀਆਂ, ਦਿਓਣ, ਗੰਗਾ, ਸਲਾਬਤ ਪੁਰਾ, ਆਦਮਪੁਰਾ, ਗੁਰੂਸਰ, ਨਥਾਣਾ, ਪੂਹਲਾ, ਚੱਕ ਫਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਜਿਉਂਦ, ਪਿੱਥੋ ਆਦਿ ਸਮੇਤ 28 ਪਿੰਡਾਂ ਵਿੱਚ ਮੁਜਾਹਰੇ , ਢੋਲ ਅਤੇ ਮਸ਼ਾਲ ਮਾਰਚ ਕੀਤੇ ਗਏ ਹਨ। ਉਹਨਾਂ ਦੱਸਿਆ ਕਿ 23 ਨਵੰਬਰ ਨੂੰ ਵੀ ਹੋਰ ਬਹੁਤ ਸਾਰੇ ਪਿੰਡਾਂ ਵਿਚ ਮਾਰਚ ਕਰਕੇ ਲੋਕਾਂ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ 1 ਅਕਤੂਬਰ ਤੋਂ ਲੈ ਕੇ ਚੱਲ ਰਹੇ ਮੋਰਚੇ ਅੱਜ 55ਵੇਂ ਦਿਨ ਵੀ ਜਾਰੀ ਹਨ। ਅੱਜ ਕੀਤੇ ਗਏ ਮਾਰਚਾਂ ਅਤੇ ਚੱਲ ਰਹੇ ਮੋਰਚਿਆਂ ਨੂੰ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਪਰਮਜੀਤ ਕੌਰ ,ਨਿੱਕਾ ਸਿੰਘ ਜੇਠੂਕੇ, ਕੁਲਵੰਤ ਸ਼ਰਮਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਅਵਤਾਰ ਸਿੰਘ ਪੂਹਲਾ, ਰਜਿੰਦਰ ਸਿੰਘ ਮੌੜ ਖੁਰਦ , ਕਰਮਜੀਤ ਕੌਰ ਲਹਿਰਾ ਖਾਨਾ ਅਤੇ ਚਰਨਜੀਤ ਕੌਰ ਭੁੱਚੋ ਖੁਰਦ ਨੇ ਵੀ ਸੰਬੋਧਨ ਕੀਤਾ।