ਅਸ਼ੋਕ ਵਰਮਾ
ਮਾਨਸਾ, 29 ਅਕਤੂਬਰ 2020 - ਮਾਤਾ ਤੇਜ ਕੌਰ ਦੀ ਰੇਲ ਲਾਈਨਾਂ ਤੇ ਧਰਨੇ ਦੂਰਾਨ ਹੋਈ ਮੌਤ ਤੋਂ ਬਾਅਦ ਪਰਿਵਾਰ ਨੂੰ ਮੁਆਵਜਾ ਦੇਣ ਸਮੇਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਦੇ ਨਾਲ ਨਾਲ ਦਿਨ ਭਰ ਲਈ ਕੋਠੀ ਦਾ ਵੀ ਘਿਰਾਓ ਵੀ ਕੀਤਾ। ਇਸ ਮੌਕੇ ਪ੍ਰਸ਼ਾਸ਼ਨ ਦੇ ਢਿੱਲ ਮੱਠ ਵਾਲੇ ਰਵਈਏ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਡੀ.ਸੀ. ਦੀ ਰਿਹਾਇਸ਼ ਦੇ ਘਿਰਾਓ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਬੋੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦਾ ਦਮ ਪਰਖ ਰਹੀ ਹੈ ਇਸੇ ਲਈ ਮਸਲਾ ਹੱਲ ਕਰਨ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਾਤਾ ਤੇਜ ਕੌਰ ਨਾਲ ਸਬੰਧਤ ਮੰਗਾਂ ਮੰਨਣ ਤੱਕ ਸੰਘਰਸ਼ ਨੂੰ ਡੀ.ਸੀ. ਦੇ ਦਰ ਤੇ ਜਾਰੀ ਰੱਖਿਆ ਜਾਵੇਗਾ।
ਜ਼ਿਲ੍ਹਾ ਸਕੱਤਰ ਉਤਮ ਸਿੰਘ ਰਾਮਾਂਨੰਦੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਮਸਲੇ ਨੂੰ ਲਮਕਾਉਣ ਦੀ ਬਜਾਏ ਤੁਰੰਤ ਹੱਲ ਕਰੇ, ਨਹੀਂ ਤਾਂ ਪਿੰਡਾਂ ਵਿੱਚ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸੇ ਦੌਰਾਨ ਬਣਾਂਵਾਲੀ ਥਰਮਲ ਪਲਾਂਟ ਦੇ ਕੋਲ ਰੇਲਵੇ ਲਾਈਨ ਤੇ ਧਰਨਾ ਜਾਰੀ ਰਿਹਾ, ਜਦ ਕਿ ਮਾਨਸਾ ਕੈਂਚੀਆਂ, ਸਰਦੂਲਗੜ, ਬਰੇਟਾ ਵਿਖੇ ਰਿਲਾਇੰਸ ਦੇ ਪੰਪ ਲਗਾਤਾਰ ਘੇਰੇ ਹੋਏ ਹਨ। ਬੁਢਲਾਡਾ ਵਿੱਚ ਭਾਜਪਾ ਦੇ ਇੱਕ ਆਗੂ ਦੇ ਘਰ ਅੱਗੇ ਹਰ ਰੋਜ ਦੀ ਤਰਾਂ ਧਰਨਾ ਦੇ ਕੇ ਮੋਦੀ ਸਰਕਾਰ ਅਤੇ ਭਾਰਤੀ ਜੰਤਾ ਪਾਰਟੀ ਮੁਰਦਾਬਾਦ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਭਾਨ ਸਿੰਘ ਬਰਨਾਲਾ, ਭੋਲਾ ਸਿੰਘ ਮਾਖਾ, ਬੱਲਮ ਸਿੰਘ, ਜਗਦੇਵ ਸਿੰਘ ਭੈਣੀ ਬਾਘਾ, ਜੱਗਾ ਸਿੰਘ ਤਲਵੰਡੀ ਸਾਬੋ, ਨਛੱਤਰ ਸਿੰਘ ਬਹਿਮਣ ਨੇ ਵੀ ਸੰਬੋਧਨ ਕੀਤਾ।