ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2020 - ਵਿਗਿਆਨ ਭਵਨ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਨਾਲ ਹੋਈ ਮੰਤਰੀ ਪੱਧਰ ਦੀ ਗੱਲਬਾਤ ’ਚ ਭਾਗ ਲੈ ਕੇ ਪਰਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਆਖਿਆ ਹੈ ਕਿ ਇਹ ਦੋ ਧਿਰੀ ਵਾਰਤਾ ਮਹਿਜ ਕਿਸਾਨਾਂ ਤੇ ਦਬਾਅ ਪਾਊ ਮਸ਼ਕ ਤੋਂ ਸਿਵਾਈ ਕੁੱਝ ਵੀ ਨਹੀਂ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਬੇਹੱਦ ਲਾਹੇਵੰਦ ਪੇਸ਼ ਕਰਨ ਦੀਆਂ ਦਲੀਲਾਂ ਨਾਲ ਮੀਟਿੰਗ ਸ਼ੁਰੂ ਕੀਤੀ ਗਈ। ਇਸ ਦੇ ਜੁਆਬ 'ਚ ਸਾਡੀ ਜੱਥੇਬੰਦੀ ਅਤੇ 30 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਖੁੱਲ੍ਹੀ ਮੰਡੀ ਵਾਲੇ ਇਹਨਾਂ ਕਾਨੂੰਨਾਂ ਨੂੰ ਕਿਸਾਨਾਂ ਦੀ ਮੁਕੰਮਲ ਤਬਾਹੀ ਕਰਨ ਅਤੇ ਵੱਡੀ ਪੱਧਰ ‘ਤੇ ਸਾਮਰਾਜੀ ਕਾਰਪੋਰੇਟਾਂ ਦੇ ਅੰਨੇ ਮੁਨਾਫਿਆਂ ਦੀ ਜਾਮਨੀ ਦੇ ਸਾਧਨ ਵਜੋਂ ਠੋਸ ਦਲੀਲਾਂ ਪੇਸ਼ ਕੀਤੀਆਂ ਗਈਆਂ।
ਉਹਨਾਂ ਦੱਸਿਆ ਕਿ ਫਸਲੀ ਵਪਾਰ ਵਿੱਚ 2006 ਤੋਂ ਬਿਹਾਰ ਵਿੱਚ ਲਾਗੂ ਕੀਤੀ ਖੁੱਲ੍ਹੀ ਮੰਡੀ ਦੀ ਨੀਤੀ ਨਾਲ ਉੱਥੇ ਕਿਸਾਨਾਂ ਦੀ ਆਮਦਨ ਪਹਿਲਾਂ ਨਾਲ਼ੋਂ ਵੀ ਬੇਹੱਦ ਘਟ ਜਾਣ ਅਤੇ ਇਸੇ ਨੀਤੀ ਦੀ ਬਦੌਲਤ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਕਿਸਾਨਾਂ ਦਾ ਵੱਡੀ ਪੱਧਰ ‘ਤੇ ਉਜਾੜਾ ਹੋ ਜਾਣ ਦੇ ਤੱਥ ਸਾਹਮਣੇ ਲਿਆਂਦੇ ਗਏ। ਪੂਰੇ ਦੇਸ਼ ਵਿੱਚ ਲਗਾਤਾਰ ਹੋ ਰਹੀਆਂ ਕਿਸਾਨਾਂ ਮਜਦੂਰਾਂ ਦੀਆਂ ਖੁਦਕੁਸ਼ੀਆਂ ਵੱਲ ਵੀ ਧਿਆਨ ਦੁਆਇਆ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ 4 ਲੱਖ ਤੋਂ ਵੱਧ ਕਿਸਾਨਾਂ ਮਜਦੂਰਾਂ ਦੇ ਕਰਜੇ ਖਤਮ ਕਰਨ ਦੀ ਮੰਗ ਵੇਲੇ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ ਪਰ ਕਾਰਪੋਰੇਟ ਕੰਪਨੀਆਂ ਦੀਆਂ ਕਰਜਾ ਮਾਫੀਆਂ ਤੇ ਟੈਕਸ-ਛੋਟਾਂ ਦੇ ਕਈ ਕਈ ਲੱਖ ਕਰੋੜ ਰੁਪਏ ਦੇਣ ਵੇਲੇ ਖਜਾਨਾ ਹਰ ਸਾਲ ਕਿਵੇਂ ਉੱਛਲਣ ਲੱਗਦਾ ਹੈ?
ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਦੇ ਮਗਰੇ ਹੀ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਵਾਲਾ ਪਰਾਲ਼ੀ ਆਰਡੀਨੈਂਸ ਜਾਰੀ ਕਰਨ ਤੋਂ ਇਲਾਵਾ ਵਿਆਜ ਉੱਪਰ ਵਿਆਜ ਤੋਂ ਛੋਟ ਦੀ ਨਾਂ-ਮਾਤਰ ਰਾਹਤ ਤੋਂ ਵੀ ਕਿਸਾਨਾਂ ਨੂੰ ਵਾਂਝੇ ਰੱਖਣ ਦੇ ਕਿਸਾਨ ਮਾਰੂ ਫੈਸਲਿਆਂ ਦੀ ਵਜਾਹ ਵੀ ਪੁੱਛੀ ਗਈ। ਕਿਸਾਨ ਨੁਮਾਇੰਦਿਆਂ ਵੱਲੋਂ ਲਗਭਗ ਢਾਈ ਤਿੰਨ ਘੰਟੇ ਦੀ ਠੋਸ ਦਲੀਲਬਾਜ਼ੀ ਦਾ ਕੋਈ ਵੀ ਜੁਆਬ ਦੇਣ ਦੀ ਬਜਾਏ ਤੋਮਰ ਨੇ ਅੰਦੋਲਨ ਮੁਲਤਵੀ ਕਰਨ ਦੀ ਅਪੀਲ ਦੇ ਨਾਲ ਹੀ ਕਿਸਾਨ ਨੁਮਾਇੰਦਿਆਂ, ਮੰਤਰੀਆਂ ਤੇ ਸਰਕਾਰੀ ਅਧਿਕਾਰੀਆਂ ਦੀ ਸਾਂਝੀ ਕਮੇਟੀ ਬਣਾ ਕੇ ਸਹਿਮਤੀ ਵਾਲਾ ਹੱਲ ਲੱਭਣ ਦੀ ਪੇਸ਼ਕਸ਼ ਰੱਖ ਦਿੱਤੀ। ਉਹਨਾਂ ਦੱਸਿਆ ਕਿ ਅੰਦੋਲਨ ਮੁਲਤਵੀ ਕਰਨ ਦੀ ਅਪੀਲ ਕਿਸਾਨਾਂ ਨੇ ਦੋ ਟੁਕ ਰੱਦ ਕਰ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਬਦਲਾਖੋਰ ਕਾਰਵਾਈ ਤਹਿਤ ਮਾਲ ਗੱਡੀਆਂ ਜਾਮ ਕਰਕੇ ਦੁਸ਼ਮਣਾਂ ਵਾਂਗ ਕੀਤੀ ਗਈ ਪੰਜਾਬ ਦੀ ਆਰਥਿਕ ਨਾਕਾਬੰਦੀ ਦੀਵਾਲੀ ਦੇ ਤਿਉਹਾਰ ਤੋਂ ਖਤਮ ਕਰਨ ਦੀ ਮੰਗ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮੌਕੇ ਬਰਾਬਰ ਬੈਠੇ ਰੇਲ ਮੰਤਰੀ ਪਿਊਸ਼ ਗੋਇਲ ਨੇ 30 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਸਾਹਮਣੇ ਮਾਲਗੱਡੀਆਂ ਦੇ ਨਾਲ ਹੀ ਸਵਾਰੀ ਗੱਡੀਆਂ ਚਲਾਉਣ ਦੀ ਸ਼ਰਤ ਰੱਖੀ ਜਿਸ ਨੂੰ ਦਬਾਅ ਪਾਊ ਕਹਿ ਕੇ ਰੱਦ ਕਰਦਿਆਂ18 ਨਵੰਬਰ ਨੂੰ ਆਪਣੀ ਸੂਬਾਈ ਮੀਟਿੰਗ ਵਿੱਚ ਸਾਰੇ ਪੱਖ ਵਿਚਾਰਨ ਦਾ ਭਰੋਸਾ ਦਿੱਤਾ,ਪਰ ਰੇਲ ਮੰਤਰੀ ਫਿਰ ਵੀ ਟੱਸ ਤੋਂ ਮੱਸ ਨਹੀਂ ਹੋਏ। ਉਹਨਾਂ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਹਰ ਤਰਾਂ ਦੇ ਠੋਸ ਤੱਥ ਰੱਖੇ ਗਏ ਸਨ ਪਰ ਮੰਤਰੀਆਂ ਦੇ ਵਤੀਰੇ ਕਾਰਨ ਕਿਸਾਨ ਧਿਰਾਂ ਅਤੇ ਕੇਂਦਰੀ ਮੰਤਰੀਆਂ ਵਿਚਕਾਰ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਹੋਈ ਇਹ ਮੀਟਿੰਗ ਬੇਸਿੱਟਾ ਹੋ ਨਿੱਬੜੀ।
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਰੋਹ ਨੂੰ ਹੋਰ ਪ੍ਰਚੰਡ ਕਰਨ ਦਾ ਸਬੱਬ ਬਣ ਗਏ ਕੇਂਦਰ ਸਰਕਾਰ ਦੇ ਇਸ ਅੜੀਅਲ ਕਿਸਾਨ ਦੋਖੀ ਵਤੀਰੇ ਵਿਰੁੱਧ ਢੁੱਕਵਾਂ ਰੋਸ ਪ੍ਰਗਟ ਕਰਨ ਸਬੰਧੀ ਫੈਸਲਾ ਕਰਨ ਲਈ ਜੱਥੇਬੰਦੀ ਦੀ ਹੰਗਾਮੀ ਮੀਟਿੰਗ ਤੁਰੰਤ ਸੱਦੀ ਜਾਵੇਗੀ। ਉਹਨਾਂ ਦੱਸਿਆ ਕਿ 45 ਦਿਨਾਂ ਤੋਂ ਭਾਜਪਾ ਆਗੂਆਂ ਅਤੇ ਕਾਰਪੋਰੇਟ ਕਾਰੋਬਾਰਾਂ ਦੇ ਚੱਲ ਰਹੇ ਅਣਮਿਥੇ ਸਮੇਂ ਦੇ ਘਿਰਾਓ/ਧਰਨੇ ਬਾਦਸਤੂਰ ਜਾਰੀ ਰੱਖੇ ਜਾਣਗੇ ਅਤੇ ਇਹਨਾਂ ਧਰਨਿਆਂ ਦਾ ਦਾਇਰਾ ਮੋਕਲਾ ਕੀਤਾ ਜਾਏਗਾ। ਕਿਸਾਨ ਆਗੂਆਂ ਨੇ ਦੱਸਿਆ ਕਿ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀ ਵਿਉਂਤਾਂ ਹੋਰ ਵੀ ਵਧੇਰੇ ਰੋਹ ਨਾਲ ਲਾਗੂ ਕੀਤੀਆਂ ਜਾਣਗੀਆਂ। ਦੋਵਾਂ ਆਗੂਆਂ ਨੇ ਪੰਜਾਬ ਭਰ ਦੇ ਕਿਸਾਨਾਂ ਮਜਦੂਰਾਂ ਨੂੰ ਮੋਦੀ ਸਰਕਾਰ ਦੀ ਅੜੀ ਭੰਨਣ ਲਈ ਇਹਨਾਂ ਪਰੋਗਰਾਮਾਂ ’ਚ ਵਧ ਚੜ੍ਹ ਕੇ ਪਰੀਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।