ਅਸ਼ੋਕ ਵਰਮਾ
ਬਠਿੰਡਾ, 25 ਅਕਤੂਬਰ 2020 - ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020 ਦੇ ਖ਼ਿਲਾਫ਼ ਕਿਸਾਨਾਂ ਅਤੇ ‘ਕਿਸਾਨ ਸੰਘਰਸ਼ ਸਮਰਥਨ ਕਮੇਟੀ’ ਦੇ ਝੰਡੇ ਹੇਠ ਜਨਤਕ ਜਥੇਬੰਦੀਆਂ ਨੇ ਮੋਦੀ ਤੇ ਅੰਬਾਨੀਆਂ, ਅਡਾਨੀਆਂ ਦਾ ਦਿਓ ਕੱਦ ਪੁਤਲਾ ਫੂਕਿਆ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦੌਰਾਨ ਮੋਦੀ ਤੇ ਕਾਰਪੋਰੇਟਾਂ ਦੇ ਦਿਓ ਕੱਦ ਪੁਤਲਿਆਂ ਨੂੰ ਲਾਂਬੂ ਲਾਇਆ। ਅੱਜ ਹੀ ਸੰਗਤ ਸਰਕਾਰੀ ਸਕੂਲ ਦੇ ਸਟੇਡੀਅਮ , ਰਾਮਪੁਰਾ ਪੀਡਬਲਿਊਡੀ ਦੇ ਗਰਾਊਂਡ ਨੇੜੇ ਰੇਲਵੇ ਸਟੇਸ਼ਨ, ਨਥਾਣਾ ਕੋਆਪ੍ਰਰੇਟਿਵ ਬੈਂਕ ਦੇ ਸਾਹਮਣੇ ,ਸਰਕਾਰੀ ਸਕੂਲ ਦੇ ਸਟੇਡੀਅਮ ਵਿਖੇ, ਭੁੱਚੋ ਮੰਡੀ ਦੇ ਪਾਰਕ , ਮੌੜ ਮੰਡੀ ਖਾਲਸਾ ਹਾਈ ਸਕੂਲ ਦੇ ਸਟੇਡੀਅਮ ਵਿਖੇ ਅਤੇ ਤਲਵੰਡੀ ਸਾਬੋ ਵਿਖੇ ਟਰੈਕਟਰ ਮੰਡੀ ਵਿੱਚ ਵੀ ਪੁਤਲੇ ਫੂਕੇ ਗਏ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਮੀਤ ਪਧਾਨ ਝੰਡਾ ਸਿੰਘ ਜੇਠੂਕੇ ਅਤੇ ਡੀਟੀਐੱਫ਼ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਿਆਂਦੇ ਕਾਲੇ ਕਾਨੂੰਨਾਂ ਨਾਲ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਕਾਲਾਬਜ਼ਾਰੀ ਸਿਖਰਾਂ ਛੋਹੇਗੀ ਅਤੇ ਹਰ ਵਰਗ ਦਾ ਧੂੰਆਂ ਨਿਕਲ ਜਾਵੇਗਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ, ਜੀ.ਐਸ.ਟੀ ਜਿਹੇ ਲੋਕਮਾਰੂ ਫ਼ੈਸਲਿਆਂ ਨੇ ਪਹਿਲਾਂ ਹੀ ਛੋਟੇ ਕਾਰੋਬਾਰੀਆਂ, ਵਪਾਰੀਆਂ ਅਤੇ ਸਮੂਹ ਕਿਰਤੀ ਵਰਗ ਨੂੰ ਤਬਾਹੀ ਕੰਢੇ ਲਿਆ ਖੜਾ ਕੀਤਾ ਹੈ ਤੇ ਬਿਨਾਂ ਲੋੜੀਂਦੇ ਪ੍ਰਬੰਧਾਂ ਤੇ ਸੂਚਨਾ ਦੇ ਕੀਤੀ ਤਾਲਾਬੰਦੀ ਨੇ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ। ਤਾਲਾਬੰਦੀ ਸਮੇਂ ਦੌਰਾਨ ਬਿਜਲੀ ਦੇ ਬਿੱਲ, ਸਰਕਾਰੀ ਦੁਕਾਨਾਂ ਦੇ ਕਿਰਾਏ ਮਾਫ਼ ਅਤੇ ਹੋਰ ਟੈਕਸਾਂ ‘ਚ ਰਿਆਇਤ ਦੇਣ ਦੀ ਮੰਗ ਕਰਦਿਆਂ ਆਗੂਆਂ ਨੇ ਸ਼ਹਿਰੀ ਅਤੇ ਕਿਰਤੀ ਲੋਕਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਡਟਣ ਦਾ ਸੱਦਾ ਦਿੱਤਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੂੰਬਾ, ਬਲਾਕ ਪ੍ਰਧਾਨ ਬਠਿੰਡਾ ਅਮਰੀਕ ਸਿਵੀਆਂ, ਗੁਰਪਾਲ ਦਿਉਣ, ਗਾਇਕ ਗੁਰਵਿੰਦਰ ਬਰਾੜ, ਕਰਿਆਨਾ ਐਸੋਸੀਏਸ਼ਨ ਤੋਂ ਓਮ ਪ੍ਰਕਾਸ਼, ਪੈਨਸ਼ਨਰ ਐਸੋਸੀਏਸ਼ਨ ਤੋਂ ਨੱਥਾ ਸਿੰਘ, ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਤੋਂ ਜਗਦੀਸ਼ ਕੁਮਾਰ, ਮਗਨਰੇਗਾ ਕਰਮਚਾਰੀ ਯੂਨੀਅਨ ਤੋਂ ਵਰਿੰਦਰ ਸਿੰਘ ਬੀਬੀਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਮਾਸਟਰ ਸੇਵਕ ਸਿੰਘ, ਦੁਕਾਨਦਾਰ ਐਸੋਸੀਏਸ਼ਨ ਤੋਂ ਵਿਜੇ ਭੱਟ, ਦੋਧੀ ਯੂਨੀਅਨ ਤੋਂ ਮਨਜੀਤ ਸਿੰਘ, ਐੱਸਐੱਸਏ ਨਾਨ ਟੀਚਿੰਗ ਤੋਂ ਦੀਪਕ ਬਾਂਸਲ ਤੇ ਬੂਟਾ ਸਿੰਘ, ਜਮਹੂਰੀ ਅਧਿਕਾਰ ਸਭਾ ਤੋਂ ਪਿਰਤਪਾਲ ਸਿੰਘ, ਪੰਜਾਬੀ ਸਾਹਿਤ ਸਭਾ ਤੋਂ ਭੁਪਿੰਦਰ ਸਿੰਘ, ਵਪਾਰ ਮੰਡਲ ਤੋਂ ਰਾਜਿੰਦਰ ਰਾਜੂ, ਟੀਐੱਸਯੂ ਤੋਂ ਰਾਮ ਕੁਮਾਰ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਤੋਂ ਜਗਸੀਰ ਸਿੰਘ ਭੰਗੂ ਤੇ ਗੁਰਵਿੰਦਰ ਸਿੰਘ ਪੰਨੂ, ਨੌਜਵਾਨ ਭਾਰਤ ਸਭਾ ਤੋਂ ਬਲਕਰਨ ਸਿੰਘ, ਮਗਨਰੇਗਾ ਯੂਨੀਅਨ ਤੋਂ ਸੁਖਵਿੰਦਰ ਸਿੰਘ, ਈਟੀਟੀ ਟੀਚਰਜ਼ ਯੂਨੀਅਨ ਤੋਂ ਜਗਸੀਰ ਸਿੰਘ ਸਹੋਤਾ, ਤਰਕਸ਼ੀਲ ਸੁਸਾਇਟੀ ਤੋਂ ਰਾਮ ਸਿੰਘ ਨਿਰਵਾਣ , ਐੱਸਐੱਸਏ ਰਮਸਾ ਅਧਿਆਪਕ ਯੂਨੀਅਨ ਤੋਂ ਹਰਜੀਤ ਜੀਦਾ, ਸਵਰਨਕਾਰ ਸੰਘ ਦੇ ਕਰਤਾਰ ਸਿੰਘ ਜੌੜਾ, ਆਦਿ ਨੇ ਕਿਸਾਨੀ ਘੋਲ ਦੀ ਹਮਾਇਤ ਕੀਤੀ।