ਅਸ਼ੋਕ ਵਰਮਾ
- ਪਿੰਡ ਵਾਸੀਆਂ ਨੇ ਐਂਟਰੀ ਪੁਆਇੰਟਾਂ ਤੇ ਬਾਈਕਾਟ ਦੇ ਬੈਨਰ ਲਾਏ
ਮਾਨਸਾ, 27 ਅਕਤੂਬਰ 2020 - ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਬਿੱਲਾਂ ਨੂੰ ਲੈਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਆਕਲੀਆਂ ’ਚ ਪਿੰਡ ਵਾਸੀਆਂ ਨੇ ਹਰ ਪਾਰਟੀ ਦੇ ਸਿਆਸੀ ਲੀਡਰਾਂ ਦਾ ਬਾਈਕਾਟ ਕਰ ਦਿੱਤਾ ਹੈ। ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਮਾਲ ਗੱਡੀਆਂ ਬੰਦ ਕਰਨ ਤੋਂ ਗੁੱਸੇ ’ਚ ਆਏ ਪਿੰਡ ਵਾਸੀ ਹੁਣ ਨੇਤਾਵਾਂ ਖਿਲਾਫ ਇੱਕ ਮੋਰੀ ਨਿਕਲ ਗਏ ਹਨ। ਮਹੱਤਵਪੂਰਨ ਤੱਥ ਹੈ ਕਿ ਇਸ ਪਿੰਡ ’ਚ ਕਿਸਾਨਾਂ ਦਾ ਹੋਣ ਹੁਣ ਇਕੱਲੀ ਭਾਜਪਾ ਆਗੂਆਂ ਸੀਮਿਤ ਨਹੀਂ ਰਿਹਾ ਬਲਕਿ ਸਾਰੀਆਂ ਹੀ ਸਿਆਸੀ ਧਿਰਾਂ ਪਿੰਡ ਵਾਸੀਆਂ ਦੇ ਨਿਸ਼ਾਨੇ ਤੇ ਆ ਗਈਆਂ ਹਨ। ਕਿਸਾਨਾਂ ਆਖਦੇ ਹਨ ਕਿ ਆਮ ਲੋਕਾਂ ਦੀ ਲੁੱਟ ਕਰਨ ਦੇ ਮਾਮਲੇ ’ਚ ਸਾਰੇ ਇੱਕੋ ਤੱਕੜੀ ਦੇ ਵੱਟੇ ਹਨ ਜਿਸ ਕਰਕੇ ਉਹਨਾਂ ਨੂੰ ਫੈਸਲਾ ਲੈਣਾ ਪਿਆ ਹੈ। ਪਿੰਡ ਵਾਸੀਆਂ ਨੇ ਇਸ ਸਬੰਧ ’ਚ ਬਕਾਇਦਾ ਬੈਨਰ ਲਾ ਦਿੱਤੇ ਹਨ ਅਤੇ ਇਕੱਠੇ ਹੋਕੇ ਰੋਸ ਜਤਾਇਆ ਹੈ।
ਜਾਣਕਾਰੀ ਅਨੁਸਾਰ ਇਸ ਬਾਈਕਾਟ ਤੋਂ ਪਹਿਲਾਂ ਤਲਵੰਡੀ ਅਕਲੀਆ ਦੇ ਕਿਸਾਨਾਂ ਅਤੇ ਪਤਵੰਤਿਆਂ ਨੇ ਆਪਸੀ ਸਲਾਹ ਕੀਤੀ ਤੇ ਬਾਅਦ ’ਚ ਹਰ ਸਿਆਸੀ ਧਿਰ ਦੇ ਲੀਡਰ ਦੇ ਦਾਖਲੇ ’ਤੇ ਰੋਕ ਲਾ ਦਿੱਤੀ । ਪਿੰਡ ਵਾਸੀਆਂ ਨੇ ਇਸ ਫੈਸਲੇ ’ਤੇ ਫੁੱਲ ਚੜਾਉਣ ਦਾ ਪ੍ਰਣ ਵੀ ਕੀਤਾ ਹੈ। ਵੇਰਵਿਆਂ ਮੁਤਾਬਿਕ ਇਸ ਬਾਈਕਾਟ ਸਬੰਧੀ ਕੀਤੇ ਪਿੰਡ ਦੇ ਇਕੱਠ ਦੌਰਾਨ ਭੁਪਿੰਦਰ ਸਿੰਘ ਬਿੱਟੂ,ਕੁਲਦੀਪ ਸਿੰਘ, ਦੀਪ ਸਿੰਘ ਕਾਲੀ ਪ੍ਰਧਾਨ ਪਿੰਡ ਇਕਾਈ ਪੰਜਾਬ ਕਿਸਾਨ ਯੂਨੀਅਨ ਤੇ ਬਲਾਕ ਅਹੁਦੇਦਾਰ ਪੰਜਾਬ ਸਿੰਘ ਤੋਂ ਇਲਾਵਾ ਜੱਗਾ ਸਿੰਘ ਸਾਬਕਾ ਮੈਂਬਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਬਣਾਏ ਤਿੰਨਾਂ ਖੇਤੀ ਕਾਨੂੰਨਾਂ ਕਾਰਨ ਆਪਣੇ ਪੁਰਖਿਆਂ ਵੱਲੋਂ ਖੂਨ ਪਸੀਨਾ ਵਹਾਕੇ ਬਣਾਈਆਂ ਪੈਲੀਆਂ ਤੇ ਸੰਕਟ ਆ ਗਿਆ ਹੈ । ਉਹਨਾਂ ਕਿਹਾ ਕਿ ਜਮੀਨਾਂ ਨੂੰ ਬਚਾਉਣ ਲਈ ਮੋਢੇ ਨਾਲ ਮੋਢਾ ਜੋੜਕੇ ਚੱਲਣਾ ਪਵੇਗਾ ਨਹੀਂ ਤਾਂ ਵੇਲਾ ਹੱਥ ਨਹੀਂ ਆਉਣਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਕੱਠੇ ਹੋ ਗਏ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਕੋਈ ਆਪਣੀਆਂ ਜਮੀਨਾਂ ’ਚ ਪੈਰ ਰੱਖ ਸਕੇ।
ਬੁਲਾਰਿਆਂ ਨੇ ਆਖਿਆ ਕਿ ਭਾਵੇਂ ਹੀ ਇਹ ਫੈਸਲਾ ਭਾਰਤੀ ਜੰਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਨੇ ਲਿਆ ਹੈ ਪਰ ਆਪਣਾ ਭਲਾ ਕਦੇ ਕਿਸੇ ਨੇ ਵੀ ਨਹੀਂ ਸੋਚਿਆ ਹੈ ਜਿਸ ਕਰਕੇ ਹੁਣ ਸਭਨਾਂ ਨੂੰ ਚੇਤੰਨ ਹੋਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਭਾਵੇਂ ਹੀ ਵਿਧਾਨ ਸਭਾ ’ਚ ਕੇਂਦਰੀ ਬਿੱਲਾਂ ਨੂੰ ਰੱਦ ਕਰਨ ਦਾ ਮਤਾ ਪੇਸ਼ ਕਰ ਦਿੱਤਾ ਪਰ ਕਿਸਾਨੀ ਦੇ ਭਲੇ ਲਈ ਜੋ ਸੂਬਾ ਸਰਕਾਰ ਨਾਲ ਸਬੰਧਿਤ ਮੰਗਾਂ ਹਨ ਉਹ ਵੀ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦਿਆਂ ਬੁਲਾਰਿਆਂ ਨੇ ਆਖਿਆ ਕਿ ਜਦੋਂ ਵਿਧਾਨ ਸਭਾ ’ਚ ਮਤਾ ਪਾਸ ਹੋਇਆ ਤਾਂ ਪਾਰਟੀ ਦੇ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਪਾਲ ਭਵਨ ’ਚ ਵੀ ਗਏ ਪਰ ਬਾਅਦ ’ਚ ਸਿਆਸੀ ਪੱਤੇ ਤਹਿਤ ਮਤਿਆਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਜਦੋਂਕਿ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਅਜੇ ਤੱਕ ਕਾਲੇ-ਖੇਤੀ ਕਾਨੂੰਨ ਵਿਧਾਨ ਸਭਾ ਬੁਲਾ ਕੇ ਰੱਦ ਨਹੀਂ ਕੀਤੇ ਹਨ।
ਅਕਾਲੀ ਦਲ (ਬ) ਦਾ ਜ਼ਿਕਰ ਕਰਦਿਆਂ ਕਿਸਾਨ ਆਗੂਆਂ ਤੇ ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਕੋਈ ਸੌਖਾ ਨਹੀਂ ਦਿੱਤਾ ਬਲਕਿ ਕਿਸਾਨਾਂ ਵੱਲੋਂ ਬਾਦਲ ਪਿੰਡ ਵਾਲਾ ਘਰ ਘੇਰਨ ਉਪਰੰਤ ਪਿੰਡਾਂ ’ਚ ਦਾਖਲ ਨਾਂ ਦੇਣ ਦੇ ਡਰੋਂ ਕੁਰਸੀ ਛੱਡੀ ਹੈ। ਉਹਨਾਂ ਕਿਹਾ ਕਿ ਇਹ ਅਸਤੀਫਾ ਵੀ ਮਗਰਮੱਛ ਦੇ ਹੰਝੂ ਵਹਾਉਣ ਵਾਂਗ ਹੀ ਹੈ ਕਿਉਂਕਿ ਜਦੋਂ ਇਹ ਬਿੱਲ ਹਾਲੇ ਆਰਡੀਨੈਂਸ ਦੇ ਰੂਪ ਹੀ ਸਨ ਤਾਂ ਸਮੁੱਚਾ ਬਾਦਲ ਪਰਿਵਾਰ ਖੇਤੀ ਆਰਡੀਨੈਂਸਾਂ ਦੀ ਸਿਫਤ ਕਰਦਾ ਨਹੀਂ ਥੱਕਦਾ ਸੀ। ਇਕੱਠ ਦੌਰਾਨ ਪਿੰਡ ਦੇ ਨੌਜਵਾਨਾਂ ਨੇ ਆਪਸੀ ਏਕੇ ਦਾ ਪ੍ਰਗਟਾਵਾ ਕਰਦਿਆਂ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਤਲਵੰਡੀ ਅਕਲੀਆ ਦੇ ਰਾਹ ਪੈਣ ਤੋਂ ਪਹਿਲਾਂ ਸੌ ਵਾਰ ਸੋਚਣ ਕਿਉਂਕਿ ਆਗੂ ਪਿੰਡ ਦੀ ਜੂਹ ’ਚ ਵੜਨ ਤੇ ਉਸਦਾ ਸਖਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਪੰਚਾਇਤ ਦੀ ਤਰਫੋਂ ਪੰਚ ਗੋਰਾ ਸਿੰਘ ਤੇ ਦਰਸ਼ਨ ਸਿੰਘ ਹਾਜਰ ਸਨ।