ਅਸ਼ੋਕ ਵਰਮਾ
ਬਠਿੰਡਾ/ਮਾਨਸਾ, 6 ਨਵੰਬਰ 2020 - ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਢੋਆ-ਢੁਆਈ ਲਈ ਮਾਲਗੱਡੀਆਂ ਬੰਦ ਕਰਨ ਦੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਰੋਕਣ ਦੇ ਬੇਤੁਕੇ ਬਿਆਨਾਂ ਦੇ ਬਾਵਜੂਦ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਰੇਲਵੇ ਲਾਈਨਾਂ ਤੋਂ ਪਾਸੇ ਅਤੇ ਦੋ ਪ੍ਰਾਈਵੇਟ ਥਰਮਲ ਪਲਾਂਟਾ ਦੀਆਂ ਨਿੱਜੀ ਲਾਈਨਾਂ ਤੇ ਜੋ ਧਰਨੇ ਸਨ ਉਹ ਹਟਾ ਲਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਫੇਰ ਵੀ ਮੋਦੀ ਸਰਕਾਰ ਨੇ ਕਿਸੇ ਹੋਰ ਬਹਾਨੇ ਮਾਲਗੱਡੀਆਂ ਨਾ ਚਲਾਈਆਂ ਤਾਂ ਇਸ ਬਦਲਾਖੋਰੀ ਨੀਤੀ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਧਿਰਾਂ ਨੇ ਜੋ ਐਸਾਰ ਰਿਲਾਇੰਸ ਪੰਪਾਂ ਦੇ ਡੀਲਰਾਂ ਕੋਲ ਠੇਕੇ ਤੇ ਹਨ ਉਹਨਾਂ ਤੋਂ ਵੀ ਧਰਨਿਆਂ ਨੂੰ ਖਤਮ ਕਰ ਦਿੱਤਾ ਹੈ ਪਰ ਰਿਲਾਇੰਸ ਦੇ ਆਪਣੇ ਤੇਲ ਪੰਪਾਂ ਦਾ ਘਿਰਾਓ ਜਾਰੀ ਰਹੇਗਾ ।
ਇਹ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸੰਘਰਸ਼ ਲੋਕਾਂ ਵੱਲੋਂ ਵੱਡੇ ਹੁੰਗਾਰੇ ਮਿਲ ਰਹੇ ਹਨ। ਜੀਦਾ ਟੋਲ ਪਲਾਜਾ ਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 11000 ਹਜਾਰ ਰੁਪਏ ਫੰਡ ਦਿੱਤਾ ਅਤੇ ਧਰਨੇ ਤੇ ਜਾਣ ਲਈ ਬੱਸਾਂ ਬਿਨਾਂ ਕਿਰਾਏ ਤੋਂ ਭੇਜੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਵਿਰੋਧੀ ਕਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020 ਦੇ ਵਿਰੁੱਧ ਬਠਿੰਡਾ ਜ਼ਿਲ੍ਹੇ ਵਿੱਚ ਚੱਲ ਰਹੇ ਟੋਲ ਪਲਾਜਾ ਲਹਿਰਾ ਬੇਗਾ, ਟੋਲ ਪਲਾਜਾ ਜੀਦਾ, ਬੈਸਟ ਪਰਾਈਸ ਭੁੱਚੋ ਮੰਡੀ, ਰਿਲਾਇੰਸ ਪੰਪ ਰਾਮਪੁਰਾ,ਐਸਾਰ ਪੰਪ ਭੁੱਚੋ ਅਤੇ ਸੰਗਤ, ਭਾਜਪਾ ਆਗੂਆਂ ਮੱਖਣ ਜਿੰਦਲ ਰਾਮਪੁਰਾ ਅਤੇ ਵਿਨੋਦ ਕੁਮਾਰ ਭੁੱਚੋ ਮੰਡੀ ਦੇ ਘਰਾਂ ਅੱਗੇ ਅਤੇ ਥਰਮਲ ਪਲਾਂਟ ਬਣਾਂਵਾਲੀ ਅੱਗੇ ਅੱਜ 36ਵੇਂ ਦਿਨ ਦੇ ਮੋਰਚੇ ਜਾਰੀ ਰਹੇ।
ਮੋਰਚਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਹਰਜਿੰਦਰ ਸਿੰਘ ਬੱਗੀ, ਕਿਸਾਨ ਆਗੂ ਰਾਜਵਿੰਦਰ ਸਿੰਘ ਰਾਜੂ , ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਹੋਰ ਕਾਨੂੰਨ ਬਣਾ ਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਭਾਰੀ ਜੁਰਮਾਨੇ ਲਾਉਣ, ਪੰਜਾਬ ਵਿੱਚ ਮਾਲ ਗੱਡੀਆਂ ਬੰਦ ਕਰਨ, ਦਿਹਾਤੀ ਵਿਕਾਸ ਫੰਡ ਅਤੇ ਜੀ ਐਸ ਟੀ ਦਾ ਬਣਦਾ ਹਿੱਸਾ ਰੋਕਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਵਿਆਜ ਤੇ ਵਿਆਜ ਨਾ ਲਾਉਣ ਦੀ ਦਿੱਤੀ ਰਾਹਤ ਵਾਂਝੇ ਰੱਖ ਕੇ ਬਦਲਾਲਊ ਭਾਵਨਾ ਅਤੇ ਕਾਰਪੋਰੇਟ ਘਰਾਣਿਆਂ ਦੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੇ ਭਾਅ ਬਿਜਲੀ ਖਰੀਦਣ ਤੇ ਬਿਨਾਂ ਥਰਮਲ ਚਲਾਏ ਸਰਕਾਰੀ ਖਜਾਨੇ ਚੋਂ ਕਰਾਈ ਜਾ ਰਹੀ ਲੁੱਟ ਦੀ ਵੀ ਸਖਤ ਨਿਖੇਧੀ ਕੀਤੀ।
ਕਿਸਾਨ ਆਗੂ ਨਿੱਕਾ ਸਿੰਘ ਜੇਠੂਕੇ, ਕੁਲਵੰਤ ਸ਼ਰਮਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ ਨੇ ਮੰਗ ਕੀਤੀ ਕੇ ਸਾਰੇ ਖੇਤੀ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ , ਪਰਾਈਵੇਟ ਥਰਮਲਾਂ ਤੋਂ ਬਿਜਲੀ ਖਰੀਦਣ ਦੇ ਕੀਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਝੋਨੇ ਤੇ ਮੁਆਵਜਾ ਦਿੱਤਾ ਜਾਵੇ। ਚੰਡੀਗੜ ਸਕੂਲ ਆਫ ਡਰਾਮਾ ਰੰਗ ਮੰਚ ਨਾਟਕਕਾਰ ਇਕੱਤਰ ਸਿੰਘ ਦੀ ਟੀਮ ਵੱਲੋਂ ਸੱਚ ਜਿੰਨਾ ਦੇ ਹੋਵੇ ਪੱਲੇ ਨਾਟਕ ਖੇਡਿਆ ਗਿਆ ।
ਮਾਨਸਾ ਜ਼ਿਲ੍ਹੇ ’ਚ ਵੀ ਖਾਲੀ ਕੀਤਾ ਟਰੈਕ
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਨੂੰ ਜਾਣ ਵਾਲੀਆਂ ਰੇਲ ਲਾਈਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਪਣਾ ਜਥੇਬੰਦਕ ਧਰਨਾ ਚੁੱਕ ਲਿਆ ਹੈ। ਜਥੇਬੰਦੀ ਨੇ 23 ਅਕਤੂਬਰ ਤੋਂ ਥਰਮਲ ਦੀਆਂ ਰੇਲਵੇ ਲਾਈਨਾਂ ਉਪਰ ਪੱਕੇ ਤੌਰ ’ਤੇ ਧਰਨਾ ਲਾਇਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਰਾਜਪੁਰਾ ਅਤੇ ਬਣਾਂਵਾਲੀ ਥਰਮਲਾਂ ਅੱਗੇ ਧਰਨੇ ਜਾਰੀ ਰਹਿਣਗੇ ਪਰ ਰੇਲਵੇ ਲਾਈਨਾਂ ਨੂੰ ਵਿਹਲਾ ਕਰ ਦਿੱਤਾ ਗਿਆ ਹੈ।