ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ 2020 - ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਲੋਕ ਰਾਜ ਮਹਿਰਾਜ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੋਰੋਨਾ ਦੇ ਬਹਾਨੇ ਮੋਦੀ ਸਰਕਾਰ ਨੂੰ ਦਿੱਲੀ ਅੰਦਰ ਪਾਬੰਦੀਆਂ ਲਾਉਣ ਲਈ ਸਹਿਮਤੀ ਦੇਣਾ ਅਸਲ ਵਿੱਚ ‘ਬਿੱਲੀ ਦੇ ਥੈਲਿਓਂ ਬਾਹਰ ਆਉਣਾ’ ਅਤੇ ਪਿੱਠ ਥਾਪੜਨਾ ਕਰਾਰ ਦਿੱਤਾ ਹੈ। ਉਹਨਾਂ ਆਖਿਆ ਕਿ ਇਹ ਟੇਢੇ ਢੰਗ ਨਾਲ ਦੇਸ਼ ਅੰਦਰ ਉੱਠ ਰਹੇ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਦੀ ਸਾਜਿਸ਼ ਅਤੇ ਮੋਦੀ ਸਰਕਾਰ ਦੀ ਹਮਾਇਤ ਕਰਨਾ ਹੈ। ਉਹਨਾਂ ਕਿਹਾ ਕਿ ਪੰਜਾਬ ਤੇ ਦੇਸ਼ ਅੰਦਰ ਸਾਰੀਆਂ ਸਰਕਾਰਾਂ ਨੂੰ ਇਸ ਦਾ ਕੋਈ ਫਿਕਰ ਨਹੀਂ ਕਿ ਭੁੱਖਮਰੀ, ਖੁਦਕਸ਼ੀਆਂ, ਤਪਦਿਕ, ਕੈਂਸਰ, ਦਮੇਂ, ਦਿਲ ਦੇ ਰੋਗਾਂ, ਹਾਦਸਿਆਂ ਅਤੇ ਹੋਰ ਕਾਰਨਾਂ ਨਾਲ ਕਿੰਨੇ ਲੋਕ ਮਰਦੇ ਹਨ ਪਰ ‘ਕੋਰੋਨਾ’ ਦਾ ਹਊਆ ਪੈਦਾ ਕਰ ਕੇ ਲੋਕਾਂ ਦਾ ਜਿਉਣਾ ਹਰਾਮ ਕਰ ਰਹੇ ਹਨ।
ਉਹਨਾਂ ਆਖਿਆ ਕਿ ਲੀਡਰਾਂ ਦੇ ਹੱਥ ਵਿੱਚ ਆਇਆ ‘ਕਰੋਨਾ’ ਵਰਗਾ ਹਥਿਆਰ ਇਸ ਬਿਮਾਰੀ ਨੂੰ ਮਹਾਂਮਾਰੀ ਮੰਨ ਕੇ ਆਮ ਆਦਮੀ ਨੂੰ ਡਰਨ ਲਈ ਮਜਬੂਰ ਅਤੇ ਸਰਕਾਰੀ ਰੋਕ ਥਾਮ ਦੇ ਨਾਂ ’ਤੇ ਖੱਜਲ-ਖੁਆਰੀਆਂ ਤੋਂ ਡਰਦਾ ਮਾਰਾ ਸਰਕਾਰ ਦੇ ਹਰ ਫੈਸਲੇ ਖਿਲਾਫ ਬੋਲਣ ਤੋਂ ਡਰਦਾ ਹੈ। ਦੇਸ਼ ਅੰਦਰ ਮੋਦੀ ਹਕੂਮਤ ਵੱਲੋਂ ਕਾਲੇ ਖੇਤੀ ਕਾਨੂੰਨ ਬਨਾਉਣ ਨੇ ਕਿਸਾਨਾਂ ਲਈ ਜਿੰਦਗੀ ਮੌਤ ਦਾ ਸੰਘਰਸ਼ ਬਣਾ ਦਿੱਤਾ ਹੈ ਅਤੇ ਇਸ ਨੇ ਸਮੁੱਚੇ ਦੇਸ਼ ’ਚ ਮਜਦੂਰਾਂ, ਨੌਜੁਆਨਾਂ, ਵਿਦਿਆਰਥੀਆਂ, ਔਰਤਾਂ ਅਤੇ ਹੋਰ ਤਬਕਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਉਹਨਾਂ ਆਖਿਆ ਕਿ ਪੰਜਾਬ ’ਚ ਹੋਏ ਲੱਖਾਂ ਦੇ ਇਕੱਠਾਂ ਨੇ ਕਰੋਨਾ ਦਾ ਡਰ ਲੀਰੋ ਲੀਰ ਕਰ ਦਿੱਤਾ ਹੈ ਤਾਂ ਬਿਹਾਰ ਚੋਣਾਂ ’ਚ ਸਾਰੀਆਂ ਹਾਕਮ ਪਾਰਟੀਆਂ ਨੇ ਹਜਾਰਾਂ ਦੇ ਇਕੱਠ ਕੀਤੇ ਪਰ ਕਰੋਨਾਂ ਕਿਤੇ ਭਾਲਿਆ ਵੀ ਨਹੀਂ ਮਿਲਿਆ।
ਉਹਨਾਂ ਆਖਿਆ ਕਿ ਹੁਣ ਜਦੋਂ ਕਿਸਾਨਾਂ ਨੇ ਦਿੱਲੀ ਸੰਘਰਸ਼ ਦਾ ਐਲਾਨ ਕੀਤਾ ਹੈ ਤਾਂ ਕਰੋਨਾ ਦੀ ਆੜ ’ਚ ਕੇਜਰੀਵਾਲ ਸਰਕਾਰ ਮੋਦੀ ਹਕੂਮਤ ਦੀ ਪਿੱਠ ਤੇ ਆ ਗਈ ਹੈ ਅਤੇ ਕਰੋਨਾ ਦਾ ਰਾਗ ਅਲਾਪਣ ਲੱਗੀ ਹੈ।ਉਹਨਾਂ ਕਿਹਾ ਕਿ ਇਹ ਸਾਫ ਹੋ ਚੁੱਕਾ ਹੈ ਕਿ ਭਾਰਤ ਸਮੇਤ ਅਮਰੀਕਾ ਵਰਗੇ ਸਮਾਰਾਜੀ ਮੁਲਕ ਆਪਣੇ ਆਰਥਿਕ ਸੰਕਟ ’ਚੋਂ ਨਿਕਲਣ ਲਈ ਬੀਤੇ ਦੀ ਤਰਾਂ ਸੰਸਾਰ ਜੰਗਾਂ ਨਾਲ ਇਸ ਦਾ ਹੱਲ ਕਰਨ ਦੀ ਬਜਾਏ ਕਰੋਨਾ ਰਾਹੀਂ ਲੋਕਾਂ ਨੂੰ ਘਰਾਂ ਅੰਦਰ ਕੈਦ ਕਰਕੇ ਆਪਣੀਆਂ ਮਨਮਰਜੀ ਦੀਆਂ ਨੀਤੀਆਂ ਅਤੇ ਕਾਨੂੰਨ ਮੜ ਰਹੇ ਹਨ। ਉਹ ਸਮਝਦੇ ਹਨ ਕਿ ਜੰਗਾਂ ਸੰਸਾਰ ਸਾਮਰਾਜੀ ਪ੍ਰਬੰਧ ਦੇ ਲੋਕ ਦੁਸ਼ਮਣ ਹੋਣ ਕਰਕੇ ਲੋਕਾਂ ਨੂੰ ਇਨਕਲਾਬਾਂ ਲਈ ਜਥੇਬੰਦ ਕਰਦੀਆਂ ਹਨ।
ਉਹਨਾਂ ਆਖਿਆ ਕਿ ਸਾਮਰਾਜੀ ਦੇਸ਼ਾਂ ਦੀ ਨੀਤੀ ਹੈ ਕਿ ‘ਨਵਾਂ ਸੰਸਾਰ ਪ੍ਰਬੰਧ ਸਿਰਜਨ ਲਈ’ ਅਜਿਹੇ ਮਹਾਂਮਾਰੀਆਂ ਦੇ ਹਊਏ ਖੜੇ ਕਰਕੇ ਲੋਕਾਂ ਨੂੰ ਦਹਿਸ਼ਤਜਦਾ ਕੀਤਾ ਜਾਵੇ। ਲੋਕ ਸੰਗਰਾਮ ਮੋਰਚਾ, ਪੰਜਾਬ ਕਿਸਾਨੀ ਸਮੇਤ ਸਮੂਹ ਮਿਹਨਤਕਸ਼ ਤਬਕਿਆਂ ਨੂੰ ਕੇਜਰੀਵਾਲ ਜਾਂ ਆਪ ਸਮੇਤ ਸਮੁੱਚੀਆਂ ਵੋਟ ਪਾਰਟੀਆਂ ਅਤੇ ਲੋਕ ਦੁਸ਼ਮਣ ਰਾਜ ਪ੍ਰਬੰਧ ਦੇ ਭਰਮ ਜਾਲ ਸਮਝਣ ਅਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਾ ਹੈ ਤਾਂ ਕਿ ਮੋਦੀ ਹਕੂਮਤ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। ਉਹਨਾਂ ਲੋਕ ਸੰਘਰਸ਼ ਮੋਰਚਾ ਵੱਲੋਂ ਵੱਧ ਤੋਂ ਵੱਧ ਪੰਜਾਬੀਆਂ ਨੂੰ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।