ਅਸ਼ੋਕ ਵਰਮਾ
ਮਾਨਸਾ, 27 ਅਕਤੂਬਰ 2020 - ਮਾਤਾ ਤੇਜ ਕੌਰ ਬਰ੍ਹੇ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਦਾ ਘਿਰਾਓ ਜਾਰੀ ਹੈ। ਅੱਜ ਜਥੇਬੰਦੀ ਨੇ ਪੰਜਾਬ ਸਰਕਾਰ ਦੀ ਰਵੱਈਏ ਨੂੰ ਦੇਖਦਿਆਂ ਡੀ.ਸੀ. ਮਾਨਸਾ ਦੀ ਰਿਹਾਇਸ਼ ਦੇ ਨਜ਼ਦੀਕ ਬਰਨਾਲਾ-ਸਰਸਾ ਰੋਡ, ਤਿਕੌਣੀ ਚੌਂਕ ਵਿੱਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਲਗਾਤਾਰ 4 ਘੰਟੇ ਚੱਲੇ ਚੱਕਾ ਜਾਮ ਦੌਰਾਨ ਕੈਪਟਨ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੁਢਲਾਡਾ ਰੇਲਵੇ ਸਟੇਸ਼ਨ ਤੇ ਰੇਲ ਜ਼ਾਮ ਦੌਰਾਨ ਮਾਤਾ ਤੇਜ ਕੌਰ ਦੀ ਡਿੱਗਣ ਕਾਰਨ ਮੌਤ ਹੋ ਗਈ ਸੀ। ਜਿਸ ਦਾ ਅਜੇ ਤੱਕ ਸਸਕਾਰ ਨਹੀਂ ਹੋ ਸਕਿਆ ਕਿਉਂਕਿ ਜਥੇਬੰਦੀ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਹੀ ਹੈ ਕਿ ਤੇਜ ਕੌਰ ਤੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਸਾਰਾ ਕਰਜਾ ਮੁਆਫ ਕੀਤਾ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ 13 ਅਕਤੂਬਰ ਤੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦਾ ਮੇਨ ਗੇਟ ਘੇਰਿਆ ਹੋਇਆ ਹੈ। ਜਦ ਕਿ ਚਾਰ ਦਿਨ ਡੀ.ਸੀ. ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦੇਣ ਕਾਰਨ ਡੀ.ਸੀ. ਦੀ ਰਿਹਾਇਸ਼ ਦਾ ਘਿਰਾਓ ਨੂੰ ਧਰਨੇ ਵਿੱਚ ਬਦਲ ਦਿੱਤਾ ਗਿਆ ਸੀ ਪਰ ਜਦੋਂ ਦਿੱਤੇ ਗਏ ਭਰੋਸੇ ਤੇ ਅਮਲ ਨਹੀਂ ਹੋਇਆ ਤਾਂ ਮਜ਼ਬੂਰ ਹੋ ਕੇ ਅੱਜ ਟਰੈਫਿਕ ਜ਼ਾਮ ਕਰਨਾ ਪਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਮਸਲੇ ਤੇ ਖਾਹ-ਮਖਾਹ ਅੜਵਾਈ ਕਰ ਰਹੀ ਹੈ ਜੋ ਸਰਕਾਰ ਦੇ ਹਿੱਤ ਵਿੱਚ ਨਹੀਂ। ਚੱਕਾ ਜਾਮ ਦੌਰਾਨ ਇੰਦਰਜੀਤ ਸਿੰਘ ਝੱਬਰ, ਉਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀ ਬਾਘਾ, ਮਲਕੀਤ ਸਿੰਘ ਕੋਟ ਧਰਮੂ, ਸੁਖਵਿੰਦਰ ਸਿੰਘ ਭੋਲਾ,ਭਾਨ ਸਿੰਘ ਬਰਨਾਲਾ, ਮਨਪ੍ਰੀਤ ਕੌਰ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ।