ਅਸ਼ੋਕ ਵਰਮਾ
ਚੰਡੀਗੜ੍ਹ, 5 ਨਵੰਬਰ 2020 - ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਦੇਸ਼ ਭਰ ਦੀਆਂ ਕਰੀਬ 500 ਕਿਸਾਨ-ਜਥੇਬੰਦੀਆਂ ਦੇ ਦੇਸ਼-ਵਿਆਪੀ ਚੱਕਾ-ਜਾਮ ਦੇ ਸੱਦੇ ਨੂੰ ਪੰਜਾਬ ਭਰ ‘ਚ ਵੱਡਾ ਹੁੰਗਾਰਾ ਮਿਲਿਆ। ਅੱਜ 200 ਤੋਂ ਵੱਧ ਥਾਵਾਂ ‘ਤੇ ਸੂਬੇ-ਭਰ ਦੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਅਤੇ ਅਹਿਮ-ਸੜਕੀ ਮਾਰਗ ਬਿਲਕੁਲ ਬੰਦ ਰਹੇ। ਕਿਸਾਨ ਜਥੇਬੰਦੀਆਂ ਦੇ ਚੱਕਾ-ਜਾਮ ਦੌਰਾਨ ਟਰਾਂਸਪੋਰਟਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵਪਾਰੀਆਂ ਵੱਲੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨ-ਅੰਦੋਲਨ ਦੇ 36ਵੇਂ ਦਿਨ ਚੱਕਾ-ਜਾਮ ਦੌਰਾਨ ਪੰਜਾਬ ਭਰ ‘ਚ ਹੋਏ ਵੱਡੇ ਇਕੱਠਾਂ ਨੇ ਕੇਂਦਰ-ਸਰਕਾਰ ਨੂੰ ਇਹ ਸਾਬਿਤ ਕਰ ਦਿੱਤਾ ਹੈ ਕਿ 26-27 ਨਵੰਬਰ ਤੋਂ ਦਿੱਲੀ ਵਿਖੇ ਅਣਮਿੱਥੇ ਸਮੇਂ ਲਈ ਹੋ ਰਹੇ ਦੇਸ਼-ਪੱਧਰੀ ਇਕੱਠ ‘ਚ ਪੰਜਾਬ ਤੋਂ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਵੇਗੀ।
ਕਿਸਾਨ- ਆਗੂਆਂ ਨੇ ਕਿਹਾ ਕਿ ਚਲਦੇ ਸੰਘਰਸ਼ ‘ਚ ਕੇਂਦਰ-ਸਰਕਾਰ ਵੱਲੋਂ ਪ੍ਰਦੂਸ਼ਣ ਸਬੰਧੀ ਲਿਆਂਦਾ ਆਰਡੀਨੈਂਸ ਹੋਰ ਵੱਡੀ ਚੁਣੌਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਬੇਵਜਾ ਪ੍ਰਦੂਸ਼ਣ ਦਾ ਦੋਸ਼ ਕਿਸਾਨਾਂ ਸਿਰ ਮੜਨ ‘ਤੇ ਤੁਲੀ ਹੋਈ ਹੈ ਜਦੋਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਤ ਅਹਿਮ ਸੰਸਥਾਵਾਂ ਦੇ ਅਧਿਐਨ ਇਹ ਦਰਸਾਉਦੇ ਹਨ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨ ਜਿੰਮੇਵਾਰ ਨਹੀਂ ਹਨ। ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਦੇਸ਼ ਦੀਆਂ ਸਮੁੱਚੀਆਂ ਕਿਸਾਨ-ਜਥੇਬੰਦੀਆਂ ਦੀਆਂ ਸਾਂਝੀਆਂ ਮੀਟਿੰਗਾਂ ਉਪਰੰਤ 18 ਨਵੰਬਰ ਨੂੰ ਪੰਜਾਬ ਕਿਸਾਨ ਭਵਨ, ਚੰਡੀਗੜ ਵਿਖੇ 30 ਕਿਸਾਨ ਜਥੇਬੰਦੀਆਂ ਦਿੱਲੀ ਜਾਣ ਸਬੰਧੀ ਤਿਆਰੀਆਂ ਸਬੰਧੀ ਮੀਟਿੰਗ ਕਰਨਗੀਆਂ। ਉਹਨਾਂ ਦੱਸਿਆ ਕਿ ਅੱਜ ਚੱਕਾ-ਜਾਮ ਦੌਰਾਨ ਕਿਸਾਨ-ਆਗੂਆਂ ਦੇ ਐਲਾਨਾਂ ਉਪਰੰਤ ਨਿੱਜੀ ਡੀਲਰਾਂ ਦੀ ਮਾਲਕੀ ਵਾਲੇ ਰਿਲਾਇੰਸ-ਪੰਪਾਂ ਨੂੰ ਖਾਲੀ ਕਰ ਦਿੱਤਾ ਗਿਆ ਹੈ, ਪਰ ਅੰਬਾਨੀਆਂ ਦੀ ਮਾਲਕੀ ਵਾਲੇ ਰਿਲਾਇੰਸ ਪੰਪਾਂ ‘ਤੇ, ਭਾਜਪਾ ਆਗੂਆਂ ਦੇ ਘਰਾਂ, ਟੋਲ-ਪਲਾਜ਼ਿਆਂ ਅਤੇ ਰੇਲਵੇ-ਸਟੇਸ਼ਨਾਂ ਦੇ ਬਾਹਰ ਕਿਸਾਨ-ਮੋਰਚੇ ਜਾਰੀ ਰਹਿਣਗੇ।
ਅੱਜ ਦੇ ਮੁੱਖ ਬੁਲਾਰਿਆਂ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨਪਾਲ, ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਬੂਟਾ ਸਿੰਘ ਬੁਰਜ਼ਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ(ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ(ਅਜੈ ਭਵਨ) ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਂਵਾਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਨਿਰਵੈਰ ਸਿੰਘ ਡਾਲੇਕੇ, ਜੈ ਕਿਸਾਨ ਅੰਦੋਲਨ ਪੰਜਾਬ ਦੇ ਪ੍ਰਧਾਨ ਗੁਰਬਖਸ਼ ਸਿੰਘ ਬਰਨਾਲਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪਨੂੰ, ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਸ਼ਾਮਲ ਹਨ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਦੇ ਜਨਰਲ ਸਕੱਤਰ ਪਰਮਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਬੋਘ ਸਿੰਘ, ਬਲਵਿੰਦਰ ਸਿੰਘ ਔਲਖ, ਮਾਝਾ ਕਿਸਾਨ ਕਮੇਟੀ ਦੇ ਬਲਵਿੰਦਰ ਸਿੰਘ ਔਲਖ, ਇੰਡੀਅਨ ਫਾਰਮਰਜ ਐਸੋਸੀਏਸਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਪ੍ਰੇਮ ਸਿੰਘ ਭੰਗੂ ਅਤੇ ਐਡਵੋਕੇਟ ਕਿਰਨਜੀਤ ਸਿੰਘ ਸੇਖੋੰ, ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਦੇ ਬਲਦੇਵ ਸਿੰਘ ਸਿਰਸਾ, ਦੋਆਬਾ ਕਿਸਾਨ ਕਮੇਟੀ ਦੇ ਜੰਗਬੀਰ ਸਿੰਘ ਟਾਂਡਾ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁਕੇਸ਼ ਚੰਦਰ, ਗੰਨਾ ਸੰਘਰਸ਼ ਕਮੇਟੀ, ਦਸੂਹਾ, ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਹਰਪਾਲ ਸੰਘਾ, ਭਾਰਤੀ ਕਿਸਾਨ ਯੂਨੀਅਨ(ਮਾਨ), ਕਿਸਾਨ ਬਚਾਓ ਮੋਰਚਾ ਦੇ ਕਿਰਪਾ ਸਿੰਘ ਨੱਥੂਵਾਲਾ ਅਤੇ ਆਜ਼ਾਦ ਕਿਸਾਨ ਕਮੇਟੀ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
ਸਮੂਹ ਆਗੂਆਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ-ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਕਿਸਾਨ-ਆਗੂਆਂ ਨੇ ਚੱਕਾ-ਜਾਮ ਸਫ਼ਲ ਬਣਾਉਣ ਲਈ ਪੰਜਾਬ ਦੇ ਸਮੁੱਚੇ ਵਰਗਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਭਰ ‘ਚ ਜਥੇਬੰਦੀਆਂ ਦੇ ਅਨੁਮਾਨ ਨਾਲੋਂ ਵੱਡੇ ਇਕੱਠ ਹੋਏ ਹਨ। ਉਹਨਾਂ ਕਿਹਾ ਕਿ ਇਹ ਇਤਿਹਾਸਕ ਇਕੱਠ ਦੇਸ਼ ਦੀ ਕਿਸਾਨ-ਲਹਿਰ ‘ਚ ਜੋਸ਼ ਭਰਨਗੇ। ਬਹੁਤ ਸਾਰੇ ਸੜਕਾਂ-ਜਾਮ ਸਮੇਂ ਕਿਸਾਨ ਔਰਤ-ਆਗੂਆਂ ਨੇ ਵੀ ਮੋਦੀ ਹਕੂਮਤ ਨੂੰ ਲਲਕਾਰਿਆ।