- ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣਾ ਪੱਖ ਸਪਸ਼ਟ ਕਰਨ ਤੇ ਕਿਸਾਨਾਂ ਨੂੰ ਦੱਸਣ ਕਿ ਉਹ ਉਸ ਉਚ ਤਾਕਤੀ ਕਮੇਟੀ ਦੇ ਮੈਂਬਰ ਕਿਉਂ ਬਣੇ ਜਿਸਨੇ ਆਰਡੀਨੈਂਸ ਤਿਆਰ ਕੀਤੇ ਤੇ ਉਹਨਾਂ ਦੀ ਸਰਕਾਰ ਨੇ ਇਸਦੀਆਂ ਵਿਵਸਥਾਵਾਂ ਲਈ ਸਹਿਮਤੀ ਕਿਉਂ ਦਿੱਤੀ
- ਮੁੱਖ ਮੰਤਰੀ ਨੂੰ ਆਪਣੇ ਸਿਸਵਾਂ ਫਾਰਮ ਵਿਚ ਲੁੱਕਣ ਨਾਲੋਂ ਕਿਸਾਨਾਂ ਦਾ ਸਾਹਮਣਾ ਕਰਨਾ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਦਿੱਤੀ ਚੁਣੌਤੀ
ਚੰਡੀਗੜ੍ਹ, 20 ਸਤੰਬਰ 2020 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ ਅਤੇ ਉਹਨਾਂ ਨੇ ਫਿਰ ਤੋਂ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਪਾਰਟੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਸਵਾਲ ਪੁੱਛਣ ਤੋਂ ਪਹਿਲਾਂ ਇਹ ਦੱਸਣ ਕਿ ਉਹਨਾਂ ਨੇ ਆਰਡੀਨੈਂਸ ਬਣਾਉਣ ਦੀ ਹਮਾਇਤ ਕਿਉਂ ਕੀਤੀ ?
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਕਿਸਾਨ ਵਿੰਗ ਦੇ ਪ੍ਰਧਾਨ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਕ ਸਭ ਤੋਂ ਝੂਠਾ ਵਿਅਕਤੀ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ, ਹੁਣ ਸੱਚ ਤੇ ਝੂਠ ਦੀਆਂ ਗੱਲਾਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੋਈ ਵੀ ਇਸ ਨਿੱਤ ਝੂਠ ਬੋਲਣ ਵਾਲੇ ਦੇ ਸਵਾਲਾਂ ਦਾ ਜਵਾਬ ਦੇਣ ਲਈ ਪਾਬੰਦ ਨਹੀਂ ਹੈ ਕਿਉਂਕਿ ਇਸਨੇ ਹਮੇਸ਼ਾ ਕਿਸਾਨ ਭਾਈਚਾਰੇ ਨੂੰ ਧੋਖਾ ਦਿੱਤਾ ਤੇ ਆਪਣੇ ਸੌੜੇ ਸਿਆਸੀ ਹਿੱਤਾਂ ਕਾਰਨ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ।
ਮਲੂਕਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਝੂਠ ਜਦੋਂ ਬੇਨਕਾਬ ਹੋ ਗਏ ਹਨ ਤਾਂ ਉਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੀ ਇਹ ਸੱਚ ਨਹੀਂ ਹੈ ਕਿ ਤੁਸੀਂ ਆਰਡੀਨੈਂਸ, ਜੋ ਸੰਸਦ ਵਿਚ ਬਿੱਲ ਵਜੋਂ ਪੇਸ਼ ਕੀਤੇ ਗਏ, ਤਿਆਰ ਕਰਨ ਵਾਲੀ ਉਚ ਤਾਕਤੀ ਕਮੇਟੀ ਦੇ ਮੈਂਬਰ ਸੀ ? ਕੀ ਇਹ ਸੱਚ ਨਹੀਂ ਹੈ ਕਿ ਤੁਹਾਡੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਛੇ ਸਫਿਆ ਦਾ ਨੋਟ ਭੇਜਿਆ ਗਿਆ ਜੋ ਆਰਡੀਨੈਂਸਾਂ ਵਿਚ ਸ਼ਾਮਲ ਮੱਦਾਂ ਨਾਲ ਮੇਲ ਖਾਂਦਾ ਸੀ। ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ ਤੁਹਾਡੀ ਸਰਕਾਰ ਨੇ 2017 ਵਿਚ ਏ ਪੀ ਐਮ ਸੀ ਐਕਟ ਵਿਚ ਸੋਧ ਕੀਤੀ ਤੇ ਉਹੀ ਵਿਵਸਥਾਵਾਂ ਸ਼ਾਮਲ ਕੀਤੀਆਂ ਜੋ ਕੇਂਦਰੀ ਆਰਡੀਨੈਂਸਾਂ ਵਿਚ ਸਨ।
ਮਲੂਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਨ ਤੇ ਇਸੇ ਲਈ ਉਹ ਇਧਰ ਉਧਰ ਦੀਆਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਉਹ ਹਕੀਕਤ ਦਾ ਸਾਹਮਣਾ ਕਰਦਿਆਂ ਇਹਨਾਂ ਸਵਾਲਾਂ ਦਾ ਜਵਾਬ ਦੇਣ ਤੇ ਸਿਸਵਾਂ ਫਾਰਮਹਾਊਸ 'ਤੇ ਲੁਕੇ ਰਹਿਣ ਦੀ ਥਾਂ ਕਿਸਾਨਾਂ ਦਾ ਸਾਹਮਣਾ ਕਰਨਾ। ਉਹਨਾਂ ਕਿਹਾ ਕਿ ਕਿਸਾਨ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਨ ਕਿ ਤੁਸੀਂ ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀਆਂ ਦੀਆਂ ਸਿਫਾਰਸ਼ਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਜਦਕਿ ਕਮੇਟੀ ਨੇ ਜਿਣਸਾਂ ਦੀ ਖਰੀਦ ਘਟਾਉਣ ਦੀ ਸਿਫਾਰਸ਼ ਕੀਤੀ ਸੀ। ਕਿਸਾਨ ਜਾਣਨਾ ਚਾਹੁੰਦੇ ਹਨ ਕਿ ਤੁਸੀਂ 2019 ਦੇ ਕਾਂਗਰਸ ਪਾਰਟੀ ਦੇ ਉਸ ਚੋਣ ਮਨੋਰਥ ਪੱਤਰ ਖਿਲਾਫ ਇਕ ਸ਼ਬਦ ਵੀ ਕਿਉਂ ਨਹੀਂ ਬੋਲਿਆ ਜਿਸ ਵਿਚ ਏ ਪੀ ਐਮ ਸੀ ਐਕਟ ਖਤਮ ਕਰਨ ਤੇ ਜਿਣਸਾਂ ਦੀ ਬਿਨਾਂ ਰੋਕ ਟੋਕ ਅੰਤਰ ਰਾਜੀ ਵਿਕਰੀ ਦੀ ਆਗਿਆ ਦੇਣ ਦੀ ਗੱਲ ਕੀਤੀ ਗਈ ਸੀ।
ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਕਿਸਾਨਾਂ ਨੂੰ ਇਹ ਦੱਸਣ ਕਿ ਉਹਨਾਂ ਨੇ ਕਿਸਾਨਾ, ਮੰਡੀ ਮਜ਼ਦੂਰਾਂ, ਖੇਤ ਮਜ਼ਦੂਰਾਂ ਤੇ ਆੜ੍ਹਤੀਆਂ ਨਾਲ ਧੋਖਾ ਕਿਉਂ ਕੀਤਾ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਿਹਨਾਂ ਨੇ ਕਦੇ ਪੰਜਾਬ ਜਾਂ ਪੰਜਾਬੀਆਂ ਦਾ ਕੋਈ ਚੰਗਾ ਨਹੀਂ ਕੀਤਾ, ਵਰਗੇ ਵਿਅਕਤੀ ਕਦੇ ਵੀ ਉਹ ਨਹੀਂ ਸੋਚ ਸਕਦ ਜੋ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤਾ। ਜਿਥੇ ਤੱਕ ਖੇਤੀਬਾੜੀ ਆਰਡੀਨੈਂਸਾਂ ਦਾ ਸਵਾਲ ਹੈ, ਸ੍ਰੀਮਤੀ ਬਾਦਲ ਨੇ ਨਾ ਸਿਰਫ ਆਪ ਇਹ ਮਾਮਲਾ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਉਠਾਇਆ ਬਲਕਿ ਕਿਸਾਨਾਂ ਨਾਲ ਖੜ੍ਹਦਿਆਂ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਦੂਜੇ ਪਾਸੇ ਤੁਸੀਂ ਆਪਣੀ ਪਾਰਟੀ ਨੂੰ ਆਪਣੇ ਸੰਸਦ ਮੈਂਬਰਾਂ ਨੂੰ ਵਿੱਪ ਜਾਰੀ ਕਰ ਕੇ ਇਹਨਾਂ ਬਿੱਲਾਂ ਦਾ ਸੰਸਦ ਵਿਚ ਵਿਰੋਧ ਕਰਨ ਵਾਸਤੇ ਵੀ ਨਹੀਂ ਆਖ ਸਕੇ ਤੇ ਆਮ ਆਦਮੀ ਪਾਰਟੀ ਨਾਲ ਰਲ ਕੇ ਇਹਨਾਂ ਬਿੱਲਾਂ ਦਾ ਆਸਾਨੀ ਨਾਲ ਪਾਸ ਹੋਣਾ ਯਕੀਨੀ ਬਣਾਇਆ। ਉਹਨਾਂ ਕਿਹਾ ਕਿ ਇਸ ਧੋਖੇ ਦਾ ਹੀ ਜਵਾਬ ਲੋੜੀਂਦਾ ਹੈ ਨਾ ਕਿ ਤੁਹਾਡੇ ਉਹਨਾਂ ਬੇਤੁਕੇ ਸਵਾਲਾਂ ਦਾ ਜੋ ਸਿਰਫ ਰੱਦੀ ਦੀ ਟੋਕਰੀ ਵਿਚ ਸੁੱਟਣ ਲਾਇਕ ਹਨ।