ਦਾਣਾ ਮੰਡੀ ਵਿਖੇ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ, ਪੱਲੇਦਾਰਾਂ, ਮਜ਼ਦੂਰਾਂ ਨੂੰ ਨਾਲ ਲੈ ਕੇ ਆਰਡੀਨੈਸਾਂ ਵਿਰੁੱਧ ਲਾਮਬੰਦੀ
‘ਅਕਾਲੀ ਦਲ ਨੇ ਪਹਿਲਾਂ ਪੰਥ ਤੇ ਹੁਣ ਕਿਸਾਨੀ ਦੀ ਪਿੱਠ ਵਿਚ ਛੁਰਾ ਮਾਰਿਆ’
‘ਮੋਦੀ ਹੰਕਾਰੀ ਪ੍ਰਧਾਨ ਮੰਤਰੀ, ਪਰ ਪੰਜਾਬ ਦੇ ਲੋਕ ਹੰਕਾਰੀਆਂ ਨੂੰ ਸਖਕ ਸਿਖਾਉਣਾ ਜਾਣਦੇ ਨੇ’
ਕਪੂਰਥਲਾ, 21 ਸਤੰਬਰ - ਕੇਂਦਰ ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ ਗਏ ਕਿਸਾਨ ਵਿਰੋਧੀ 3 ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਆਪਣੇ ਆਖਰੀ ਸਾਹ ਤੱਕ ਲੜਾਈ ਲੜਨ ਦਾ ਐਲਾਨ ਕਰਦਿਆਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ‘ਇਹ ਪੰਜਾਬੀਆਂ ਦੀ ਹੋਂਦ ਦੀ ਲੜਾਈ ਹੈ, ਜਿਸ ਵਿਚ ਹਰ ਵਰਗ ਨੂੰ ਇਸ ਲੋਕ ਮਾਰੂ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੱਕ ਜੂਝਣ ਦਾ ਅਹਿਦ ਲੈਣਾ ਚਾਹੀਦਾ ਹੈ।
ਉਨਾਂ ਇਨਾਂ ਆਰਡੀਨੈਸਾਂ ਵਿਰੁੱਧ ਲੰਬੀ ਲੜਾਈ ਤੇ ਹਰ ਵਰਗ ਦੇ ਸਹਿਯੋਗ ਨਾਲ ਲਾਮਬੰਦੀ ਲਈ ਜਿੱਥੇ ਅੱਜ ਅਨੇਕਾਂ ਪਿੰਡਾਂ ਵਿਚ ਰੋਸ ਧਰਨਿਆਂ ਵਿਚ ਸ਼ਮੂਲੀਅਤ ਕੀਤੀ ਉੱਥੇ ਹੀ ਦਾਣਾ ਮੰਡੀ ਵਿਖੇ ਕਿਸਾਨਾਂ,ਆੜ੍ਹਤੀਆਂ, ਸ਼ੈਲਰ ਮਾਲਕਾਂÎ, ਪੱਲੇਦਾਰ ਯੂਨੀਅਨਾਂ ਤੇ ਕਿਰਤੀ ਯੂਨੀਅਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਇਹ ਸਾਡੀ ਸਾਹ ਰਗ ਉੱਪਰ ਵਾਰ ਕੀਤਾ ਗਿਆ ਹੈ, ਜਿਸ ਤੋਂ ਬਚਾਅ ਲਈ ਸਾਨੂੰ ਪਾਰਟੀ, ਧਰਮ, ਪੇਸ਼ੇ ਆਦਿ ਤੋਂ ਉੰਪਰ ਉੇਠਕੇ ਇਕ ਹੋਣ ਦੀ ਲੋੜ ਹੈ’। ਸ਼ਾਇਦ ਇਹ ਪਹਿਲੀ ਵਾਰ ਸੀ ਕਿ ਇਨਾਂ ਆਰਡੀਨੈਸਾਂ ਵਿਰੁੱਧ ਕਿਸਾਨਾਂ,ਆੜ੍ਹਤੀਆਂ, ਸ਼ੈਲਰ ਮਾਲਕਾਂÎ, ਪੱਲੇਦਾਰ ਯੂਨੀਅਨਾਂ ਤੇ ਕਿਰਤੀ ਯੂਨੀਅਨਾਂ ਨੇ ਸਾਂਝੇ ਤੌਰ ’ਤੇ ਸ਼ਮੂਲੀਅਤ ਕੀਤੀ ਹੋਵੇ।
ਤਿੰਨਾਂ ਆਰਡੀਨੈਸਾਂ ਨੂੰ ਪੰਜਾਬ ਦੀ ਹੋਂਦ ਲਈ ਖਤਰਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ‘ ਲੋਕ ਇਹ ਗੱਲ ਜਾਣਦੇ ਹਨ ਕਿ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਵਾਲੀ ਅਕਾਲੀ-ਭਾਜਪਾ ਸਰਕਾਰ ਵਲੋਂ ਬਹੁਮਤ ਦੇ ਹੰਕਾਰ ਵਿਚ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ, ਜਿਸਦਾ ਪੰਜਾਬ ਦੇ ਅਣਖੀ ਲੋਕ ਮੂੰਹਤੋੜ ਜਵਾਬ ਦੇਣਗੇ’। ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇਸ਼ ਦੀ ਖੜਗਭੁਜਾ ਹੈ, ਜਿਸਦੇ ਕਿਸਾਨਾਂ ਤੇ ਜਵਾਨਾਂ ਨੇ ਦੇਸ਼ਵਾਸੀਆਂ ਨੂੰ ਵਿਸ਼ਵ ਭਰ ਵਿਚ ਸਿਰ ਉੱਚਾ ਕਰਕੇ ਤੁਰਣ ਦੇ ਕਾਬਿਲ ਬਣਾਇਆ ਪਰ ਭਾਜਪਾ ਵਲੋਂ ਸੱਤਾ ਦੇ ਹੰਕਾਰ ਵਿਚ ਸਾਡੀ ਕੁਰਬਾਨੀ ਦਾ ਸਾਨੂੰ ਸਿਲ੍ਹਾ ਸਾਡੀ ਹੋਂਦ ਨੂੰ ਖਤਰਾ ਪੈਦਾ ਕਰਕੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜਾਦੀ ਸਮੇਂ ਜਦ ਸਾਰਾ ਦੇਸ਼ ਜਸ਼ਨ ਮਨਾ ਰਿਹਾ ਸੀ ਤਾਂ ਪੰਜਾਬ ਦੇ ਲੋਕ ਕਤਲੋਗਾਰਤ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਾ ਵਿਸ਼ਵ ਜਾਣਦਾ ਹੈ ਕਿ ਕਿਵੇਂ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਨ ਲਈ ਆਪਣਾ ਇਕਲੌਤਾ ਕੁਦਰਤੀ ਸਾਧਨ ਪਾਣੀ ਵੀ ਬਰਬਾਦ ਕਰ ਲਿਆ।
ਉਨਾਂ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ‘ਪੰਜਾਬ ਕੋਲ ਗਰੇਨਾਈਟ, ਕੋਲੇ, ਬਾਕਸਾਇਟ ਵਰਗੇ ਕੁਦਰਤੀ ਸ੍ਰੋਤ ਨਹੀਂ ਤੇ ਸਾਡੀ ਸਾਰੀ ਅਰਥ ਵਿਵਸਥਾ ਖੇਤੀ ਉੱਪਰ ਖੜ੍ਹੀ ਹੈ, ਜਿਸ ਨਾਲ ਹੀ ਪੰਜਾਬ ਵਿਚ ਤਰੱਕੀ ਦਾ ਰਾਹ ਖੁਲਿਆ। ਉਨ੍ਹਾਂ ਦੱਸਿਆ ਕਿ ਕੇਵਲ ਮੰਡੀ ਫੀਸ ਨਾਲ 4000 ਕਰੋੜ ਰੁਪੈੈ ਇਕੱਠੇ ਹੁੰਦੇ ਹਨ ਜਦਕਿ ਕਣਕ ਤੇ ਝੋਨੇ ਦੀ ਖਰੀਦ ਨਾਲ ਕਿਸਾਨਾਂ ਨੂੰ 65 ਹਜ਼ਾਰ ਕਰੋੜ ਰੁਪੈ ਦੀ ਅਦਾਇਗੀ ਹੁੰਦੀ ਹੈ, ਜਿਸਨੂੰ ਭਵਿੱਖ ਵਿਚ ਖਤਮ ਕਰਨ ਦਾ ਮੁੱਢ ਬੰਨਿਆ ਗਿਆ ਹੈ।
ਅਕਾਲੀ ਦਲ ਵਲੋਂ ਨਿਭਾਈ ਜਾ ਰਹੀ ਦੋਗਲੀ ਭੂਮਿਕਾ ਉੱਪਰ ਸਵਾਲ ਚੁੱਕਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ‘ਬਾਦਲ ਪਰਿਵਾਰ ਦੀ ਅਗਵਾਈ ਵਿਚ ਪਾਰਟੀ ਨੇ ਪਹਿਲਾਂ ਪੰਥ ਤੇ ਹੁਣ ਕਿਸਾਨੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ’। ਉਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਦਾ ਹਿੱਸਾ ਸੀ ਜਿਸਨੇ ਸੰਸਦ ਤੋਂ ਪਹਿਲਾਂ ਇਨ੍ਹਾਂ ਆਰਡੀਨੈਸਾਂ ਨੂੰ ਪਾਸ ਕੀਤਾ ਅਤੇ ਹੁਣ ਲੋਕ ਰੋਹ ਅੱਗੇ ਮਜ਼ਬੂਰੀ ਵੱਸ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ।
ਉਨ੍ਹਾਂ ਸਮਾਜ ਦੇ ਹਰ ਵਰਗ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਸਾਹਿਬਾਨ ਵਲੋਂ ਜੁਲਮ ਖਿਲਾਫ ਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੇ ਦਰਸਾਏ ਰਾਹ ਅਨੁਸਾਰ ਇਸ ਕਾਲੇ ਕਾਨੂੰਨ ਵਿਰੁੱਧ ਵੀ ਲੜਾਈ ਦਾ ਧੁਰਾ ਬਣਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ, ਅਮਰਜੀਤ ਸੈਦੋਵਾਲ , ਆੜ੍ਹਤੀ ਐਸੋਸੀਏਸ਼ਨ ਵਲੋਂ ਪ੍ਰਧਾਨ ਓਮ ਪ੍ਰਕਾਸ਼ ਬਹਿਲ, ਵਿਪਨ ਅਜਾਦ, ਅਸ਼ੌਕ ਕੌੜਾ, ਅਸ਼ਵਨੀ ਸ਼ਰਮਾ, ਵਿਜੈ ਗੁਪਤਾ, ਰਣਜੀਤ ਸਿੰਘ, ਪਵਨ ਕੌੜਾ, ਰਾਕੇਸ ਸ਼ਰਮਾ, ਸ਼ੈਲਰ ਮਾਲਕ ਐਸੋਸੀਏਸ਼ਨ ਵਲੋ ਨਾਮਦੇਵ ਅਰੋੜਾ, ਸੂਰਜ ਅਗਰਵਾਲ, ਵਿਪਨ ਗੁਪਤਾ, ਹਰਿੰਦਰ ਸਿੰਘ, ਅਸ਼ੋਕ ਅਗਰਵਾਲ, ਸਾਹਿਲ ਕੌੜਾ, ਲੇਬਰ ਐਸੋਸੀਏਸ਼ਨ ਵਲੋਂ ਸਤਪਾਲ ਪ੍ਰਧਾਨ, ਗੁਰਮੇਲ , ਸੰਜੇ, ਰਾਕੇਸ਼ ਤੇ ਮੁਨੀਮ ਯੂਨੀਅਨ ਵਲੋਂ ਓਮ ਕਾਲੀਆ ਪ੍ਰਧਾਨ, ਕੁੰਦਨ ਲਾਲ, ਕੁਲਵੰਤ ਸਿੰਘ ਤੇ ਰਾਜੇਸ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਹਾਜ਼ਰ ਸਨ।