ਅਸ਼ੋਕ ਵਰਮਾ
ਬਠਿੰਡਾ,21ਸਤੰਬਰ। ਬਾਦਲ ਮੋਰਚੇ ਦੇ ਸੱਤਵੇਂ ਦਿਨ ਮੁਸਲਮਾਨ ਭਾਈਚਾਰੇ ਨੇ ਕਿਸਾਨਾਂ ਦੇ ਸੰਘਰਸ਼ ਨਾਲ ਯਕਜਹਿਤੀ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ। ਅੱਜ ਦੇ ਮੋਰਚੇ ਦੀ ਹਮਾਇਤ ਵਿੱਚ ਆਏ ਮੁਸਲਮਾਨ ਭਾਈਚਾਰੇ ਵੱਲੋਂ ਜਮਾਤ ਏ ਇਸਲਾਮ ਦੇ ਪ੍ਰਧਾਨ ਸਕੂਰ ਅਹਿਮਦ ਅਤੇ ਐਡਵੋਕੇਟ ਤਾਨੀਜਾ ਤੁਬਸਮ ਨੇ ਵੀ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੇ ਕਦਮ ਨੂੰ ਗੈਰਜਮਹੂਰੀ ਤੇ ਤਾਨਸ਼ਾਹ ਕਰਾਰ ਦਿੱਤਾ। ਉਨਾਂ ਆਖਿਆ ਕਿ ਇਸ ਤੋਂ ਪਹਿਲਾਂ ਮੋਦੀ ਸਰਕਾਰ ਨਾਗਰਿਕਤਾ ਕਾਨੂੰਨਾਂ ਨਾਲ ਛੇੜਛਾੜ ਕਰਕੇ ਘੱਟ ਗਿਣਤੀਆਂ ਨਾਲ ਧਰੋਹ ਕਮਾ ਚੁੱਕੀ ਹੈ ਪਰ ਅੰਨ ਨਾਲ ਦੇਸ਼ ਦਾ ਭੜੋਲਾ ਭਰਨ ਵਾਲੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਿਹਾਰ ਉਸ ਨੂੰ ਬਹੁਤ ਮਹਿੰਗਾ ਪਵੇਗਾ। ਉਨਾਂ ਆਖਿਆ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ ਬਲਕਿ ਸਮੂਹ ਮੁਸਲਮਾਨ ਅਤੇ ਹੋਰ ਵਰਗ ਮਿਲ ਕੇ ਲੜਨਗੇ।
ਓਧਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਜਬਰਦਸਤ ਵਿਰੋਧ ਦੇ ਬਾਵਜੂਦ ਕਿਸਾਨਾਂ ਦੀ ਆਵਾਜ ਨੂੰ ਅਣਗੌਲਿਆ ਕਰਕੇ ਸੰਸਦ ਦੇ ਦੋਨਾਂ ਸਦਨਾਂ ਵਿਚੋਂ ਇਹ ਆਰਡੀਨੈਂਸ ਪਾਸ ਕਰਵਾ ਕੇ ਇਸ ਨੂੰ ਮੋਦੀ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਾਦਲ ਵਿਖੇ ਚੱਲ ਰਹੇ ਮੋਰਚੇ ਦੌਰਾਨ ਅੱਜ 7ਵੇਂ ਦਿਨ ਦੀ ਅਗਵਾਈ ਕਰ ਰਹੇ ਨੌਜਵਾਨਾਂ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਅੱਜ ਵੱਖ-ਵੱਖ ਬੁਲਾਰੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਹੁਣ ਸਾਡੇ ਕਿਸਾਨ ਬਜੁਰਗਾਂ ਨਾਲ ਜਥੇਬੰਦੀ ਦੀ ਅਗਵਾਈ ਵਿਚ ਸੰਘਰਸ਼ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਕੇ ਇਸ ਕਾਨੂੰਨ ਨੂੰ ਰੱਦ ਕਰਵਾਇਆ ਜਾਏਗਾ।ਉਨਾਂ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਇਸ ਹੱਕ ਤੇ ਸੱਚ ਦੀ ਲੜਾਈ ਲੜਨ ਲਈ ਪ੍ਰੀਵਾਰਾਂ ਸਮੇਤ ਅੱਗੇ ਆਉਣ ਦਾ ਸੱਦਾ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ ਅਤੇ ਨੌਜਵਾਨ ਬੁਲਾਰੇ ਅਜੈ ਪਾਲ ਸਿੰਘ ਘੁੱਦਾ, ਬਲੌਰ ਸਿੰਘ ਛੰਨਾ, ਕਾਲਾ ਸਿੰਘ ਪਿੱਥੋ, ਗੁਲਾਬ ਸਿੰਘ ਜਿਓਂਦ ਵੱਡੇ ਦੀਨਾ ਸਿੰਘ ਸਿਵੀਆ ਨੇ ਕਿਹਾ ਕਿ ਕੱਲ ਰਾਜ ਸਭਾ ਵਿਚ ਬਿਨਾ ਬਿਨਾਂ ਵੋਟਾਂ ਪਵਾਏ ਸਿਰਫ ਜਬਾਨੀ ਸਹਿਮਤੀ ਨਾਲ ਰਾਜ ਸਭਾ ਮੈਂਬਰਾਂ ਤੋਂ ਹੱਥ ਖੜੇ ਕਰਵਾ ਕੇ ਬਿਲ ਪਾਸ ਕਰਵਾ ਕੇ ਭਾਰਤ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਘਾਣ ਕੀਤਾ ਹੈ । ਉਨਾਂ ਕਿਹਾ ਕਿ ਹੈ ਇਹਨਾਂ ਆਰਡੀਨੈਸਾਂ ਦੇ ਪੱਖ ਵਿਚ ਹੱਥ ਨਾਲ ਖੜੇ ਕਰਨ ਨਾ ਵਾਲੇ ਰਾਜ ਸਭਾ ਮੈਂਬਰਾਂ ਨੂੰ ਬਰਖਾਸਤ ਕਰਨ ਤੋਂ ਸਾਬਤ ਹੁੰਦਾ ਹੈ ਕਿ ਹੋਰ ਰਾਜ ਸਭਾ ਮੈਂਬਰਾਂ ਤੋਂ ਕਿਸੇ ਦਬਾਅ ਦੇ ਤਹਿਤ ਇਹ ਆਰਡੀਨੈਂਸ ਧੱਕੇ ਨਾਲ ਪਾਸ ਕਰਵਾਏ ਹਨ ।
ਜਿਲਾ ਬਠਿੰਡਾ ਦੀ ਦੋਧੀ ਯੂਨੀਅਨ ਵੱਲੋਂ ਦੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ। ਅੱਜ ਦੇ ਧਰਨੇ ਨੂੰ ਬਲੋਰ ਸਿੰਘ ਛੰਨਾ ,ਹਰਜੀਤ ਸਿੰਘ ਢਪਾਲੀ ,ਅਮਰਦੀਪ ਕੌਰ ਧੂਰਕੋਟ , ਕੁਲਦੀਪ ਕੌਰ ਰਾਮਪੁਰਾ ਨੇ ਵੀ ਸੰਬੋਧਨ ਕੀਤਾ। ਰਸੂਲਪੁਰ ਵਾਲਿਆਂ ਦੇ ਕਵੀਸ਼ਰੀ ਜੱਥੇ ਅਤੇ ਅਜਮੇਰ ਸਿੰਘ ਅਕਲੀਆ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੇ ਆਰਡੀਨੈਂਸ ਰੱਦ ਕੀਤੇ ਜਾਣ, ਬਿਜਲੀ ਸੋਧ ਕਾਨੂੰਨ 2020 ਅਤੇ ਜਮੀਨ ਸੋਧ ਕਨੂੰਨ 2020 ਰੱਦ ਕੀਤੇ ਜਾਣ, ਇਕੱਠਾਂ ਤੇ ਪਾਬੰਦੀਆਂ ਲਾ ਕੇ ਹੱਕੀ ਸੰਘਰਸਾਂ ਤੇ ਰੋਕਾਂ ਹਟਾਈਆਂ ਜਾਣ, ਜੇਲਾਂ ਵਿੱਚ ਬੰਦ ਬੁਧੀਜੀਵੀਆਂ, ਲੇਖਕਾਂ ਅਤੇ ਸੰਘਰਸੀ ਲੋਕਾਂ ਨੂੰ ਰਿਹਾਅ ਕੀਤਾ ਜਾਵੇ,ਮਾਈਕਰੋਫਾਈਨਾਂਸ ਕੰਪਨੀਆਂ ਸਮੇਤ ਕਿਸਾਨਾਂ ਮਜਦੂਰਾਂ ਸਿਰ ਖੜੇ ਹੋਰ ਸਾਰੇ ਕਰਜੇ ਖਤਮ ਕੀਤੇ ਜਾਣ।