ਅਸ਼ੋਕ ਵਰਮਾ
ਚੰਡੀਗੜ੍ਹ, 23 ਸਤੰਬਰ 2020 - ਕੇਂਦਰ ਦੀ ਮੋਦੀ ਸਰਕਾਰ ਨੇ ਜਿਸ ਗੈਰ ਜਮਹੂਰੀ ਢੰਗ ਨਾਲ ਤੇ ਬਹੁਮੱਤ ਦੀ ਗਲਤ ਵਰਤੋਂ ਕਰਕੇ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਪਾਸ ਕੀਤੇ ਹਨ, ਉਸਦਾ ਢੁਕਵਾਂ ਜਵਾਬ ‘ਜਨਤਾ ਦੀ ਪਾਰਲੀਮੈਂਟ’ ਵਲੋਂ 25 ਸਤੰਬਰ ਦੇ ‘ਪੰਜਾਬ ਬੰਦ’ ਨੂੰ ਸਫਲ ਬਣਾ ਕੇ ਦਿੱਤਾ ਜਾਵੇਗਾ। ਆਰ.ਐਮ.ਪੀ.ਆਈ. ਇਸ ਇਤਿਹਾਸਕ ਐਕਸ਼ਨ ਨੂੰ ਕਾਮਯਾਬ ਕਰਨ ਲਈ ਪੂਰੀ ਤਾਕਤ ਨਾਲ ਮੈਦਾਨ ’ਚ ਨਿਤਰੇਗੀ।’’ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਜੇਕਰ ਮੋਦੀ ਸਰਕਾਰ ਨੇ ਸਾਰੇ ਸੰਵਿਧਾਨਕ, ਰਾਜਨੀਤਕ ਤੇ ਨੈਤਿਕਤਾ ਦੇ ਤਕਾਜ਼ੇ ਛਿੱਕੇ ਟੰਗ ਕੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰਨ ਦੀ ਠਾਨ ਲਈ ਹੈ ਤਾਂ ਦੇਸ਼ ਦੇ ਸਮੂਹ ਮਿਹਨਤਕਸ਼ ਲੋਕਾਂ ਨੇ ਵੀ ਸ਼ਾਂਤਮਈ ਢੰਗ ਨਾਲ ਇਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਦਾ ਪੱਕਾ ਇਰਾਦਾ ਧਾਰ ਲਿਆ ਹੈ।
ਉਨਾਂ ਕਿਹਾ ਕਿ ਕਰੋਨਾ-19 ਮਹਾਂਮਾਰੀ ਦੇ ਝੰਬੇ ਲੋਕ ਇਕ ਪਾਸੇ ਬੇਰੁਜ਼ਗਾਰੀ, ਭੁਖਮਰੀ ਤੇ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤੇ ਦੂਸਰੇ ਬੰਨੇ ਪੂਰੀ ਤਰਾਂ ਗੈਰ ਸੰਵੇਦਨਸ਼ੀਲ ਢੰਗ ਨਾਲ ਕਿਸਾਨੀ ਤੇ ਸਮੂਹ ਮਿਹਨਤੀ ਤਬਕਿਆਂ ਨੂੰ ਖੁਲੀ ਮੰਡੀ ਦੇ ਆਸਰੇ ਛੱਡ ਕੇ ਵੱਡੇ ਕਾਰਪੋਰੇਟ ਘਰਾਣਿਆਂ ਤੇ ਧਨਵਾਨਾਂ ਦੀ ਮਨਮਰਜ਼ੀ ਦੀ ਲੁੱਟ ਦੇ ਹਵਾਲੇ ਕਰ ਦਿੱਤਾ ਹੈ, ਜਿਥੇ ਉਨਾਂ ਨੂੰ ਖੇਤੀ ਜਿਣਸਾਂ ਦੀ ‘ਨਿਰਧਾਰਤ ਘੱਟੋ ਘੱਟ ਸਹਾਇਕ’ ਕੀਮਤ ਨਹੀਂ ਮਿਲੇਗੀ ਤੇ ਮਜ਼ਬੂਰੀ ਵੱਸ ਕਿਸਾਨ ਆਪਣੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਲਈ ਮਜ਼ਬੂਰ ਹੋਣਗੇ। ਨਾਲ ਹੀ, ਜਿਸ ਤਰਾਂ ਪਾਰਲੀਮੈਂਟ ਵਿਚ ਮਜ਼ਦੂਰਾਂ ਦੇ ਹਿਤਾਂ ਦੀ ਰਾਖੀ ਕਰਨ ਵਾਲੇ ਸਾਰੇ ਕਾਨੂੰਨ ਬਦਲ ਦਿੱਤੇ ਗਏ ਹਨ, ਉਸ ਨਾਲ ਕਿਰਤੀ ਪੂਰੀ ਤਰਾਂ ਗੁਲਾਮੀ ਦੀਆਂ ਜੰਜ਼ੀਰਾਂ ’ਚ ਜਕੜੇ ਜਾਣਗੇ।
ਸਾਥੀ ਪਾਸਲਾ ਨੇ ਕਿਹਾ ਕਿ ਮਿਹਨਤੀ ਲੋਕਾਂ ਦੀ ਤਬਾਹੀ ਦੇ ਇਨਾਂ ਪਲਾਂ ਨੂੰ ਪ੍ਰਧਾਨ ਮੰਤਰੀ ਮੋਦੀ ਉਵੇਂ ਹੀ ‘ਇਤਿਹਾਸਕ ਦਿਨ’ ਕਹਿਕੇ ਸਰਾਹੰੁਦੇ ਜਾ ਰਹੇ ਹਨ, ਜਿਵੇਂ ‘‘ਰੋਮ ਜਲ ਰਿਹਾ ਸੀ ਤੇ ਨੀਰੂ ਬੰਸਰੀ ਵਜਾ ਰਿਹਾ ਸੀ।’ ਉਨਾਂ ਕਿਹਾ ਕਿ ਜਿਸ ਢੰਗ ਨਾਲ 25 ਸਤੰਬਰ ਦੇ ‘ਪੰਜਾਬ ਬੰਦ’ ਨੂੰ ਸਾਰੇ ਹੀ ਤਬਕਿਆਂ ਦੇ ਲੋਕਾਂ ਤੇ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ, ਉਸ ਤੋਂ ਆਸ ਬੱਝਦੀ ਹੈ ਕਿ ਪੰਜਾਬ ’ਚੋਂ ਉਠੀ ਲੋਕ ਸੰਘਰਸ਼ਾਂ ਦੀ ਇਹ ਚੰਗਿਆੜੀ ਪੂਰੇ ਦੇਸ਼ ਵਿਚ ਫੈਲ ਜਾਵੇਗੀ ਤੇ ਮੋਦੀ ਸਰਕਾਰ ਨੂੰ ਆਮ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਏਗਾ। ਕਾਮਰੇਡ ਪਾਸਲਾ ਨੇ ਸਾਰੀਆਂ ਪਾਰਟੀ ਇਕਾਈਆਂ ਤੇ ਸਮੂਹ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਮੋਦੀ ਸਰਕਾਰ ਦੇ ਕਿਰਤੀ ਲੋਕਾਂ ਉਪਰ ਕੀਤੇ ਜਾ ਰਹੇ ਫਾਸ਼ੀ ਹੱਲਿਆਂ ਦਾ ਮੂੰਹ ਮੋੜਨ ਲਈ 25 ਸਤੰਬਰ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ਸਫਲ ਕਰਨ ਲਈ ਪੂਰੀ ਜਾਨ ਲਾ ਦੇਣ।