ਅਸ਼ੋਕ ਵਰਮਾ
ਮਾਨਸਾ, 24 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁੰਨਾਂ ਨੇ ਅੱਜ ਮਾਨਸਾ ’ਚ ਰੇਲ ਪਟੜੀਆਂ ਤੇ ਧਰਨਾ ਲਾਕੇ ਮੋਦੀ ਸਰਕਾਰ ਨੂੰ ਚੁਣੌਤੀ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਰੇਲਾਂ ਦੇ ਪਹੀਏ ਰੋਕਣ ਕਿਸਾਨ ਅੰਦੋਲਨ ਦੀ ਮੁਢਲੀ ਜਿੱਤ ਹੈ ਜਿਸ ਨੂੰ ਅੰਤਿਮ ਜਿੱਤ ਤੱਕ ਪਹੰਚਾਉਣ ਲਈ ਲੜਾਈ ਲੜੀ ਜਾਏਗੀ। ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਹਜਾਰਾਂ ਕਿਸਾਨਾਂ ਅਤੇ ਨੌਜਵਾਨਾਂ ਨੇ ਮਾਨਸਾ ਵਿੱਚ ਬਠਿੰਡਾ -ਦਿੱਲੀ ਰੇਲਵੇ ਲਾਇਨ ਉੱਤੇ ਤਿੰਨ ਰੋਜਾ ਦਿਨ-ਰਾਤ ਦਾ ਧਰਨਾ ਸ਼ੁਰੂ ਕੀਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀ ਬਰਬਾਦੀ ਵਾਲੇ ਕਾਨੂੰਨ ਤੁਰੰਤ ਰੱਦ ਕਰੇ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਨੇ ਸਰਮਾਏਦਾਰੀ ਅੱਗੇ ਗੋਡੇ ਟੇਕ ਕੇ ਕਿਸਾਨਾਂ ਦੀ ਮੌਤ ਦਾ ਰਾਹ ਪੱਧਰਾ ਕਰ ਦਿੱਤਾ ਹੈ। ਨਵੇਂ ਕਾਨੂੰਨਾਂ ਤਹਿਤ ਹਰ ਫਸਲ ਦੀ ਐਮ.ਐਸ.ਪੀ. ਬੰਦ ਹੋਵੇਗੀ। ਮੰਡੀ ਬੋਰਡ ਦਾ ਸਾਰਾ ਢਾਂਚਾ ਤੋੜ ਦਿੱਤਾ ਜਾਵੇਗਾ , ਸਰਕਾਰੀ ਖਰੀਦ ਨਹੀਂ ਹੋਵੇਗੀ ਅਤੇ ਪ੍ਰਾਈਵੇਟ ਮੰਡੀਆਂ ਹੋਣਗੀਆਂ ਜਿੰਨਾਂ ’ਚ ਕਿਸਾਨੀ ਜਿਨਸ ਨੂੰ ਮਨਮਰਜੀ ਦੇ ਰੇਟ ਤੇ ਲੁੱਟਿਆ ਜਾਵੇਗਾ। ਉਨਾਂ ਦੱਸਿਆ ਕਿ ਖਾਦਾਂ ਅਤੇ ਖੇਤੀ ਮੋਟਰਾਂ ਲਈ ਮਿਲਦੀ ਸਬਸਿਡੀ ਬੰਦ ਹੋਵੇਗੀ, ਖੇਤੀ ਲਾਗਤ ਖਰਚੇ ਕਈ ਗੁਣਾ ਵਧਣ ਨਾਲ ਅਜਿਹੀ ਹਾਲਤ ਪੈਦਾ ਹੋ ਜਾਏਗੀ ਤੇ ਕਿਸਾਨੀ ਦੇ ਖੇਤੀ ਵਿੱਚੋਂ ਹੱਥ ਖੜੇ ਹੋ ਜਾਣਗੇ ।
ਇਸ ਮੌਕੇ ਬੋਲਦਿਆਂ ਇੰਦਰਜੀਤ ਸਿੰਘ ਝੱਬਰ ਨੇ ਦੱਸਿਆ ਕਿ ਅਕਾਲੀ ਦਲ ਬਾਦਲ ਆਰਡੀਨੈਂਸਾਂ ਦੇ ਮਸਲੇ ਤੇ ਹੁਣ ਡਰਾਮੇਬਾਜੀ ਕਰ ਰਹੇ ਹਨ। ਉਨਾਂ ਆਖਿਆ ਕਿ ਪਹਿਲਾਂ ਬਾਦਲ ਆਰਡੀਨੈਂਸਾਂ ਨੂੰ ਠੀਕ ਦੱਸਦਿਆਂ ਦੋਸ਼ ਲਾਉਂਦੇ ਰਹੇ ਕਿ ਕਿਸਾਨ ਯੂਨੀਅਨਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਹੁਣ ਜਦੋਂ ਕਿਸਾਨ ਸਾਰੀ ਗੱਲ ਸਮਝ ਗਏ ਅਤੇ ਸੰਘਰਸ਼ ਦੇ ਮੈਦਾਨ ਮੱਲ ਲਏ ਹਨ ਤਾਂ ਬਾਦਲਾਂ ਨੂੰ ਭਾਜੜਾਂ ਪੈ ਗਈਆਂ ਹਨ ਤਾਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਸੰਘਰਸ਼ ਦਾ ਨਾਟਕ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਉੱਤਮ ਸਿੰਘ ਰਾਮਾਂਨੰਦੀ , ਜਰਨੈਲ ਸਿੰਘ ਟਾਹਲੀਆਂ, ਮੇਜਰ ਸਿੰਘ ਗੋਬਿੰਦਪੁਰਾ, ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ ਅਲੀਸ਼ੇਰ, ਮੇਜਰ ਸਿੰਘ ਅਕਲੀਆ, ਮਿੱਠੂ ਸਿੰਘ ਦਸੌਂਧੀਆ, ਜੱਗਾ ਸਿੰਘ, ਲੀਲਾ ਸਿੰਘ ਜਟਾਣਾ ਅਤੇ ਜਸਵਿੰਦਰ ਕੌਰ ਝੇਰਿਆਂਵਾਲੀ ਨੇ ਵੀ ਸੰਬੋਧਨ ਕੀਤਾ।