ਜੀ ਐਸ ਪੰਨੂ
- ਕਿਸਾਨੀ ਸੰਘਰਸ਼ਾਂ 'ਚ ਸ਼ਮੂਲੀਅਤ ਕਰਨਗੇ ਬੇਰੁਜ਼ਗਾਰ ਬੀਐੱਡ ਅਧਿਆਪਕ
ਪਟਿਆਲਾ, 24 ਸਤੰਬਰ 2020 - ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਖੇਤੀਬਾੜੀ ਸਬੰਧੀ ਕੇਂਦਰ ਸਰਕਾਰ ਤਿੰਨਾਂ ਨਵੇਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸਾਂਝੇ ਘੋਲ਼ ਅਤੇ 25 ਸਤੰਬਰ ਨੂੰ ਪੰਜਾਬ-ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਖਜ਼ਾਨਚੀ ਨਵਜੀਵਨ ਸਿੰਘ, ਸ਼ੋਸ਼ਲ-ਮੀਡੀਆ ਇੰਚਾਰਜ ਸੰਦੀਪ ਗਿੱਲ, ਸੂਬਾ ਕਮੇਟੀ ਮੈਂਬਰ ਤਜਿੰਦਰ ਸਿੰਘ ਮਾਨਾਂਵਾਲਾ, ਗੁਰਦੀਪ ਸਿੰਘ ਮਾਨਸਾ,ਯੁੱਧਜੀਤ ਸਿੰਘ ਬਠਿੰਡਾ, ਅਮਨ ਸੇਖ਼ਾ ਰਣਬੀਰ ਸਿੰਘ ਨਦਾਮਪੁਰ ਅਤੇ ਰਾਜਵਿੰਦਰ ਕੌਰ ਸਮਾਣਾ ਅਤੇ ਮਨਜੀਤ ਕੌਰ ਨੇ ਕਿਹਾ 2- ਕਰੋੜ ਨੌਕਰੀਆਂ ਦੇ ਵਾਅਦੇ ਵਾਲੀ ਜੁਮਲਾ-ਸਰਕਾਰ ਹੁਣ ਲੋਕਾਂ ਦੇ ਸਵੈ-ਰੋਜ਼ਗਾਰ ਵੀ ਖੋਹ ਰਹੀ ਹੈ।
ਉਹਨਾਂ ਕਿਹਾ ਕਿ ਖੇਤੀਬਾੜੀ-ਕਾਨੂੰਨ ਲਾਗੂ ਹੋਣ ਨਾਲ ਖੇਤੀਬਾੜੀ-ਸੈਕਟਰ ਨਾਲ ਜੁੜੇ ਨੌਜਵਾਨ ਹੋਰ ਬੇਰੁਜ਼ਗਾਰ ਹੋ ਜਾਣਗੇ। ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਵੱਡਾ ਹਿੱਸਾ ਕਿਸੇ ਨਾ ਕਿਸੇ ਰੂਪ 'ਚ ਖੇਤੀਬਾੜੀ ਸੈਕਟਰ 'ਤੇ ਨਿਰਭਰ ਹੈ। ਜਦੋਂਕਿ ਨਵੀਂ ਸਿੱਖਿਆ ਨੀਤੀ-2020 ਵੀ ਨਿੱਜੀਕਰਨ ਦਾ ਹੱਲਾ ਹੈ। ਆਗੂਆਂ ਨੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਗਰੀਬਾਂ-ਕਿਰਤੀ ਲੋਕਾਂ ਦਾ ਵਿਰੋਧੀ ਐਲਾਨਿਆ, ਜਿਸ ਨਾਲ਼ ਮੰਡੀਆਂ, ਗੁਦਾਮਾਂ ਆਦਿ ਵਿੱਚ ਜਾਂ ਢੋਆ-ਢੁਆਈ ਆਦਿ ਦਾ ਕੰਮ ਕਰਦੇ ਕਿਰਤੀ ਲੋਕਾਂ ਦੇ ਰੁਜ਼ਗਾਰ ਦਾ ਵੱਡੇ ਪੱਧਰ ਉੱਤੇ ਉਜਾੜਾ ਹੋਵੇਗਾ। ਉਹਨਾਂ ਕਿਹਾ ਕਿ ਖੇਤੀ ਖੇਤਰ ਵਿੱਚ ਨਿੱਜੀ ਕਾਰਪੋਰੇਟਾਂ ਦੇ ਦਖਲ ਨਾਲ਼ ਜ਼ਖੀਰੇਬਾਜੀ ਕਰਕੇ ਨਕਲੀ ਥੁੜ ਪੈਦਾ ਕਰਨ ਅਤੇ ਮਗਰੋਂ ਅੰਨ ਨੂੰ ਮਨਮਰਜੀ ਦੇ ਉੱਚੇ ਭਾਵਾਂ ਉੱਤੇ ਵੇਚਣ ਦੀ ਖੁੱਲ੍ਹ ਮਿਲੇਗੀ। ਆਗੂਆਂ ਨੇ ਕਿਹਾ ਕਿ ਜੇ ਇਹ ਤਿੰਨ ਖੇਤੀ ਆਰਡੀਨੈਂਸ ਲਾਗੂ ਹੁੰਦੇ ਹਨ ਤਾਂ ਕੇਂਦਰ ਸਰਕਾਰ ਲਾਜਮੀ ਹੀ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪਾ ਦੇਵੇਗੀ, ਜਿਸ ਨਾਲ਼ ਦੇਸ਼ ਦੇ ਕਰੋੜਾਂ ਕਿਰਤੀਆਂ ਦੇ ਘਰਾਂ ਦੇ ਚੁੱਲ੍ਹੇ ਬਲ਼ਦੇ ਹਨ।