ਮਨਿੰਦਰਜੀਤ ਸਿੱਧੂ
- ਸ਼ਹਿਰ ਰਿਹਾ ਪੂਰਨ ਬੰਦ, ਵਪਾਰੀ, ਮਜ਼ਦੂਰ, ਮੁਲਾਜ਼ਮ ਸਭ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ
ਜੈਤੋ, 25 ਸਤੰਬਰ 2020 - ਪੰਜਾਬ ਦੀ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਸਮੂਹ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਜੈਤੋ ਬੱਸ ਸਟੈਂਡ ਕੋਲ ਚੌਂਕ ਵਿੱਚ ਧਰਨਾ ਲਗਾ ਕੇ ਬਠਿੰਡਾ-ਅਮ੍ਰਿਤਸਰ ਮਾਰਗ ਨੂੰ ਸੁਭਾ ਤੋਂ ਲੈ ਕੇ ਸ਼ਾਮ ਤੱਕ ਬੰਦ ਰੱਖਿਆ ਗਿਆ।ਇਸ ਪ੍ਰਦਰਸ਼ਨ ਵਿੱਚ ਜੈਤੋ ਸ਼ਹਿਰ ਅਤੇ ਪਿੰਡ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਵਿੱਚੋਂ ਕਿਸਾਨਾਂ ਦੇ ਵੱਡੇ ਕਾਫਲਿਆਂ ਨੇ ਟਰੈਕਟਰ ਟਰਾਲੀਆਂ ਉੱਪਰ ਸਵਾਰ ਹੋ ਕੇ ਇਸ ਧਰਨੇ ਵਿੱਚ ਹਾਜ਼ਰੀ ਲਵਾਈ।ਇਸ ਧਰਨੇ ਦੀ ਸਭ ਤੋਂ ਵੱਧ ਖਾਸੀਅਤ ਵਾਲੀ ਗੱਲ ਅਤੇ ਇਸ ਨੂੰ ਪੂਰਨ ਕਾਮਯਾਬ ਕਰਨ ਵਾਲੀ ਗੱਲ ਇਹ ਰਹੀ ਹੈ ਕਿ ਇਸ ਵਿੱਚ ਕਿਸਾਨਾਂ ਤੋਂ ਇਲਾਵਾ ਆੜ੍ਹਤੀਆਂ, ਵਪਾਰੀਆਂ, ਮੁਲਾਜ਼ਮਾਂ ਅਤੇ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਧਰਨੇ ਵਿੱਚ ਅੱਪੜ ਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।ਜੈਤੋ ਦੇ ਨੇੜਲੇ ਪਿੰਡ ਕੋਠੇ ਮਾਹਲਾ ਸਿੰਘ ਵਾਲੇ ਅਤੇ ਹੋਰਨਾਂ ਪਿੰਡਾਂ ਵਿੱਚ ਵੱਡੀ ਤਾਦਾਦ ਵਿੱਚ ਲੰਗਰ ਤਿਆਰ ਹੋ ਕੇ ਆਇਆ ਅਤੇ ਸ਼ਾਮ ਤੱਕ ਨਿਰਵਿਘਨ ਵਰਤਦਾ ਰਿਹਾ।ਧਰਨੇ ਵਿੱਚ ਔਰਤਾਂ ਦੀ ਸਮੂਲੀਅਤ ਅਤੇ ਉਹਨਾਂ ਅੰਦਰਲਾ ਜੋਸ਼ ਹੋਰਨਾਂ ਲਈ ਪ੍ਰੇਰਨਾਦਾਇਕ ਸੀ।ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਲੇ ਕਾਨੂੰਨ ਮੋਦੀ ਹਕੂਮਤ ਦੁਆਰਾ ਪੂੰਜੀਪਤੀਆਂ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਪਾਸ ਕੀਤੇ ਹਨ ਅਤੇ ਇਹਨਾਂ ਨਾਲ ਕਿਸਾਨ, ਆੜ੍ਹਤੀਏ, ਮਜਦੂਰ ਅਤੇ ਮੁਲਾਜ਼ਮ ਹਰ ਵਰਗ ਪ੍ਰਭਾਵਿਤ ਹੋਏਗਾ। ਕਿਸਾਨੀ ਸਾਡੀ ਆਰਥਿਕਤਾ ਦਾ ਧੁਰਾ ਹੈ ਅਤੇ ਜੇਕਰ ਧੁਰਾ ਤੋੜਿਆ ਜਾਂਦਾ ਹੈ ਤਾਂ ਉਸ ਦੁਆਲੇ ਘੁੰਮਦੇ ਸਾਰੇ ਕਾਰੋਬਾਰ ਅਤੇ ਰੁਜਗਾਰ ਆਪਣੇ ਆਪ ਹੀ ਖਤਮ ਹੋ ਜਾਣਗੇ।ਇਸ ਧਰਨੇ ਦੌਰਾਨ ਪਹਿਲਾਂ ਤੋਂ ਹੀ ਮਿਥੀ ਰਣਨੀਤੀ ਤਹਿਤ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਸਟੇਜ ਦੇ ਨੇੜੇ ਨਹੀਂ ਢੁੱਕਣ ਦਿੱਤਾ। ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਅਲੱਗ ਧਰਨਿਆਂ ਨੂੰ ਕਿਸਾਨਾਂ ਵੱਲੋਂ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਕਿਸਾਨਾਂ ਦੇ ਸੰਘਰਸ਼ਾਂ ਨੂੰ ਠੰਢੇ ਪਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਸਾਰੇ ਕਿਸਾਨ ਇਹਨਾਂ ਦੀਆਂ ਕੋਝੀਆਂ ਚਾਲਾਂ ਤੋਂ ਵਾਕਫ ਹੋ ਚੁੱਕੇ ਹਨ।ਬੰਦ ਦੌਰਾਨ ਜੈਤੋ ਸ਼ਹਿਰ ਵਿੱਚ ਕੋਈ ਵੀ ਦੁਕਾਨ ਜਾਂ ਵਪਾਰਕ ਅਦਾਰਾ ਖੁਲ੍ਹਾ ਨਹੀਂ ਮਿਲਿਆ, ਇੱਥੋਂ ਤੱਕ ਕਿ ਸਰਕਾਰੀ ਅਤੇ ਨਿੱਜੀ ਬੈਂਕਾਂ ਦੀਆਂ ਬਰਾਂਚਾਂ ਦੇ ਸ਼ਟਰ ਵੀ ਹੇਠਾਂ ਸੁੱਟੇ ਦਿਖਾਈ ਦਿੱਤੇ।