ਅਸ਼ੋਕ ਵਰਮਾ
ਮਾਨਸਾ, 26 ਸਤੰਬਰ 2020 - ਕੇਂਦਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਵਿੱਚ ਦਿੱਲੀ, ਫਿਰੋਜ਼ਪੁਰ ਰੇਲਵੇ ਲਾਈਨ ਤੇ 24 ਸਤੰਬਰ ਤੋਂ ਲਾਇਆ ਧਰਨਾ ਅੱਜ ਤੀਜੇ ਦਿਨ ਚੁੱਕ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ 31 ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ 1 ਅਕਤੂਬਰ ਤੋਂ ਦੁਬਾਰਾ ਅਣਮਿੱਥੇ ਸਮੇਂ ਲਈ ਮਾਨਸਾ ਵਿੱਚ ਇਸੇ ਜਗ੍ਹਾ 'ਤੇ ਮੋਰਚਾ ਲਾਇਆ ਜਾਵੇਗਾ। ਅੱਜ ਧਰਨਾ ਚੁੱਕਣ ਤੋਂ ਪਹਿਲਾਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨ ਸੰਘਰਸ਼ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਦਿਆਂ ਆਪਣੇ ਫੈਸਲੇ ਬਦਲਣ ਲਈ ਮਜਬੂਰ ਹੋਣਾ ਪਵੇਗਾ।
ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਜਾਨ ਹਲੁਣੀ ਮਿਹਨਤ ਕਰਕੇ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਕੀਤਾ। ਜਿਸ ਬਦਲੇ ਸਾਡੇ ਦੇਸ਼ ਦੀਆਂ ਹਕੂਮਤਾਂ ਨੇ ਮਿਹਨਤੀ ਕਿਸਾਨ ਵਰਗ ਦਾ ਕਦੇ ਮਾਣ-ਸਨਮਾਨ ਨਹੀਂ ਕੀਤਾ। ਸਗੋਂ ਹੁਣ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬੇਜ਼ਮੀਨੇ ਬਣਾਉਣ ਦਾ ਫੈਸਲਾ ਕਰ ਲਿਆ ਹੈ, ਇਸੇ ਲਈ ਨਵੇਂ ਖੇਤੀ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਂਲ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਸਾਰੀਆਂ ਹੀ ਫਸਲਾ ਸਰਕਾਰੀ ਖਰੀਦ ਬੰਦ ਕਰਕੇ ਮੰਡੀ ਬੋਰਡ ਦਾ ਸਮੁੱਚਾ ਪ੍ਰਬੰਧ ਖਤਮ ਕਰਕੇ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਕੇ ਖਰੀਦ ਦਾ ਸਮੁੱਚਾ ਪ੍ਰਬੰਧ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਮਨਮਰਜ਼ੀ ਦੇ ਬਹੁਤ ਹੀ ਘੱਟ ਭਾਅ ਦੇ ਕੇ ਖਰੀਦ ਕੀਤੀ ਜਾਵੇਗੀ। ਪਹਿਲਾਂ ਹੀ ਕਰਜ਼ੇ ਦੀ ਪੰਡ ਥੱਲੇ ਦੱਬੇ ਹੋਏ ਕਿਸਾਨ ਹੋਰ ਕਰਜ਼ੇਈ ਹੋਣਗੇ। ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ ਜਿਸ ਤੇ ਕੰਪਨੀਆਂ ਹੀ ਖੇਤੀ ਨੂੰ ਵੱਡੇ ਫਾਰਮਾਂ ਵਿੱਚ ਬਦਲਣਗੀਆਂ। ਖੇਤੀ ਕਿਸਾਨਾਂ ਦੇ ਹੱਥੋਂ ਨਿਕਲਣ ਨਾਲ 70 ਫੀਸਦੀ ਸਾਰੇ ਕਾਰੋਬਾਰ ਖਤਮ ਹੋ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਦੇ ਇਸ ਕਿਸਾਨ ਮਾਰੂ ਫੈਸਲੇ ਦੇ ਖਿਲਾਫ ਕਿਸਾਨ ਪਰਿਵਾਰਾਂ ਸਮੇਤ ਕਾਫਲੇ ਬੰਨ ਕੇ ਇਹਨਾਂ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜੁਗਿੰਦਰ ਦਿਆਲਪੁਰਾ, ਜਗਦੇਵ ਸਿੰਘ ਭੈਣੀ ਬਾਘਾ, ਉੱਤਮ ਸਿੰਘ ਰਾਮਾਂਨੰਦੀ, ਜੱਗਾ ਸਿੰਘ ਆਦਿ ਹਾਜਰ ਸਨ।