ਕੁਲਵਿੰਦਰ ਸਿੰਘ
ਅੰਮ੍ਰਿਤਸਰ, 27 ਸਤੰਬਰ 2020 - ਅੰਮ੍ਰਿਤਸਰ ਭਾਜਪਾ ਦੇ ਦਿਹਾਤੀ ਦੇ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਿਸਾਨ ਨੂੰ ਵਰਗਲਾਇਆ ਗਿਆ ਹੈ, ਜਿਸ ਵਿੱਚ ਕਾਂਗਰਸ ਦਾ ਵੱਡਾ ਹੱਥ ਹੈ ਜੋ ਕਿ ਆਪਣੇ ਪੁਰਾਣੇ ਰੇਤ ਮਾਫੀਆ ਪੀ ਪੀ ਈ ਕਿੱਟ ਘੁਟਾਲੇ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਗਏ 64 ਕਰੋੜ ਦੇ ਘੁਟਾਲੇ ਅਤੇ ਹੋਰ ਵੱਡੇ ਵੱਡੇ ਘੁਟਾਲਿਆਂ ਨੂੰ ਲੁਕਾਉਣ ਵਾਸਤੇ ਇਸ ਵਿਰੋਧ ਦਾ ਆਸਰਾ ਲੈ ਰਹੀ ਹੈ ਅਤੇ ਜੋ ਬਿੱਲ ਭਾਜਪਾ ਵੱਲੋਂ ਲਿਆਂਦੇ ਗਏ ਹਨ ਉਹ ਕਿਸਾਨ ਮਾਰੂ ਨਹੀਂ ਬਲਕਿ ਕਿਸਾਨ ਹਤੈਸ਼ੀ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਆਪ ਵੀ ਕਿਸਾਨ ਹਨ ਅਤੇ ਜੋ ਭਰਮ ਕਿਸਾਨਾਂ ਨੂੰ ਪਾਏ ਗਏ ਹਨ ਉਹ ਬਿਲਕੁਲ ਗਲਤ ਹਨ ਜਿਵੇਂ ਕਿ ਐਮ ਐਸ ਪੀ ਖਤਮ ਹੋ ਜਾਵੇਗੀ, ਕਿਸਾਨ ਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ ਕਾਂਟਰੈਕਟ ਫਾਰਮਿੰਗ ਵਿੱਚ ਕਿਸਾਨ ਨੂੰ ਘਾਟਾ ਹੋਵੇਗਾ ਆਦਿਕ ਸਭ ਗੱਲਾਂ ਬਣਾਈਆਂ ਗਈਆਂ ਹਨ ਜਦਕਿ ਬਿੱਲ ਵਿੱਚ ਅਜਿਹੀ ਕੋਈ ਵੀ ਗੱਲ ਨਹੀਂ ਕਹੀ ਗਈ ਹੈ ਅਤੇ ਐਮਐਸਪੀ ਵਾਲੀ ਫਸਲ ਦਾ ਐਮਐਸਪੀ ਮੁੱਲ ਤੇ ਸਰਕਾਰ ਵੱਲੋਂ ਖਰੀਦੀ ਜਾਏਗੀ।
ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਕਿਸਾਨ ਹਤੈਸ਼ੀ ਹੈ ਨਾ ਕੀ ਕਿਸਾਨ ਮਾਰੂ ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਵੀ ਇੱਕ ਕਿਸਾਨ ਹਨ ਅਤੇ ਗੰਨੇ ਦੀ ਕਾਸ਼ਤ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਸ਼ੂਗਰ ਮਿਲ ਕੋਆਪਰੇਟਿਵ ਸੁਸਾਇਟੀ ਵਿੱਚ ਉਹ ਇੱਕ ਬਾਂਡ ਭਰਦੇ ਹਨ ਜਿਸ ਦੇ ਤਹਿਤ ਉਨ੍ਹਾਂ ਨੇ ਇੱਕ ਮਿੱਥੇ ਮੁੱਲ ਤੇ ਮਿੱਥੀ ਗਿਣਤੀ ਦਾ ਗੰਨਾ ਕੋਆਪ੍ਰੇਟਿਵ ਸੁਸਾਇਟੀ ਨੂੰ ਦੇਣਾ ਹੁੁੰਦਾ ਹੈ ਜੇਕਰ ਉਸ ਤੋਂ ਘੱਟ ਗੰਨਾ ਉਹ ਸੁਸਾਇਟੀ ਨੂੰ ਦਿੰਦੇ ਹਨ ਤਾਂ ਬਾਂਡ ਦੇ ਮੁਤਾਬਕ ਉਨ੍ਹਾਂ ਦੀ ਘੱਟੋ ਘੱਟ ਮਿੱਥੀ ਗਈ ਕੀਮਤ ਵਿੱਚ ਕਟੌਤੀ ਕੀਤੀ ਜਾਂਦੀ ਹੈ ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਸਾਨ ਰਵਾਇਤੀ ਫ਼ਸਲਾਂ ਬੀਜਦਾ ਹੈ ਜਿਨ੍ਹਾਂ ਉੱਤੇ ਐਮਐਸਪੀ ਲਾਗੂ ਹੈ ਉੱਥੇ ਹੀ ਬਾਸਮਤੀ ੧੧੨੧ ਅਤੇ ੧੫੦੯ ਵੀ ਬੀਜਦਾ ਹੈ ਜਿਸਦੇ ਉੱਤੇ ਐਮ ਐੱਸ ਪੀ ਲਾਗੂ ਨਹੀਂ ਹੈ ਫਿਰ ਵੀ ਉਸ ਨੂੰ ਉਸ ਦੀ ਵਧੀਆ ਕੀਮਤ ਮਿਲਣ ਕਰਕੇ ਉਸ ਦੀ ਕਾਸ਼ਤ ਕਰਦਾ ਹੈ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਉਹ ਕਿਸਾਨਾਂ ਦੇ ਵਫਦ ਨੁੰ ਕੇਂਦਰੀ ਖੇਤੀ ਮੰਤਰੀ ਜਾਂ ਪ੍ਰਧਾਨ ਮੰਤਰੀ ਨਾਲ ਮਿਲਾਉਣ ਨੂੰ ਤਿਆਰ ਹਨ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਉਸ ਤੋਂ ਬਾਅਦ ਬਿੱਲ ਨੂੰ ਲੈ ਕੇ ਕਿਸਾਨਾ ਦੇ ਸ਼ੰਕੇ ਮਿੱਟ ਜਾਣਗੇ।