ਸੰਜੀਵ ਸੂਦ
- ਕਿਹਾ ਪੰਚਾਇਤਾ ਦੇਣ ਸਾਥ, ਅਕਾਲੀ ਦਲ ਬਣਿਆ 1920 'ਚ ਅਤੇ 2019 'ਚ ਖਤਮ - ਮਾਨ
ਲੁਧਿਆਣਾ, 29 ਸਤੰਬਰ 2020 - ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚੇ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਪੰਜਾਬ ਭਰ ਦੀਆਂ ਪੰਚਾਇਤਾਂ ਨੂੰ ਬਿੱਲ ਦੇ ਖ਼ਿਲਾਫ਼ ਮਤਾ ਪਾਸ ਕਰਕੇ ਪੰਚਾਇਤ ਮੈਂਬਰਾਂ ਅਤੇ ਬਲਾਕ ਪ੍ਰਧਾਨ ਅਤੇ ਇੱਕ ਕਾਪੀ ਐਸ ਡੀ ਐਮ ਨੂੰ ਸੌਂਪਣ ਲਈ ਕਿਹਾ, ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਭਰ ਦੀਆਂ 14 ਹਜ਼ਾਰ ਪੰਚਾਇਤਾਂ ਦੇ ਮਤੇ ਪ੍ਰਧਾਨ ਮੰਤਰੀ ਕੋਲ ਜਾਣਗੇ ਤਾਂ ਉਹਨਾਂ ਨੂੰ ਮਜਬੂਰਨ ਇਹ ਬਿੱਲ ਵਾਪਿਸ ਕਰਨਾ ਪਵੇਗਾ, ਇਸ ਦੌਰਾਨ ਉਨ੍ਹਾਂ ਪੰਜਾਬ ਕਾਂਗਰਸ ਅਤੇ ਅਕਾਲੀ ਦਲ ਤੇ ਸ਼ਬਦੀ ਹਮਲੇ ਵੀ ਕੀਤੇ ਅਤੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਨਹੀਂ। ਸਿਰਫ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਚਾਲਾਂ ਚੱਲ ਰਹੀ ਹੈ।
ਜਿੱਥੇ ਸਾਰੀਆਂ ਪੰਚਾਇਤਾਂ ਨੂੰ ਮਤੇ ਪਾਸ ਕਰਨ ਲਈ ਕਿਹਾ। ਉੱਥੇ ਹੀ ਕਿਹਾ ਕਿ ਕਿਸਾਨ ਅੱਜ ਮੁੱਖ ਮੰਤਰੀ ਨੂੰ ਮਿਲ ਰਹੇ ਨੇ ਪਰ ਉਹ ਉਹਨਾਂ ਦੀ ਗੱਲਾਂ 'ਚ ਨਾ ਆਉਣ ਤਾਂ ਉਹਨਾਂ ਲਈ ਚੰਗਾ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਸਿਆਸਤ ਕਰ ਰਹੇ ਨੇ, ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਨੇ ਜੋ ਆਪਣੀ ਵਿਦੇਸ਼ ਦੌਰਿਆਂ ਤੇ ਭਾਰਤ ਦੇ ਵਪਾਰੀਆਂ ਨੂੰ ਨਾਲ ਲੈ ਕੇ ਜਾਂਦੇ, ਉਨ੍ਹਾਂ ਕਿਹਾ ਕਿ ਉਹ ਵਪਾਰੀਆਂ ਦੀ ਗੱਲ ਸੁਣਦੇ ਨੇ ਅਤੇ ਉਨ੍ਹਾਂ ਦੇ ਹੱਕ ਦੀ ਗੱਲ ਕਰਦੇ ਹਨ।
ਉਧਰ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਫੂਕੇ ਜਾਣ ਦੇ ਮਾਮਲੇ ਤੇ ਵੀ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਦਾ ਸਮਰਥਨ ਨਹੀਂ ਕਰਦੇ, ਉਨ੍ਹਾਂ ਕਿਹਾ ਕਿ ਇਸ ਵਿਚ ਵੀ ਸਿਆਸਤ ਰਹੀ ਹੈ ਸ਼ੰਭੂ ਬਾਰਡਰ ਤੇ ਟਰੈਕਟਰ ਫੂਕਣ ਦੀ ਥਾਂ ਦਿੱਲੀ ਜਾ ਕੇ ਫੂਕਿਆ ਗਿਆ। ਉਨ੍ਹਾਂ ਕਿਹਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਲ ਸਬੰਧੀ ਅਕਾਲੀ ਦਲ ਨੂੰ ਪੂਰੀ ਜਾਣਕਾਰੀ ਸੀ 3 ਮਹੀਨੇ ਪਹਿਲਾਂ ਬਿਲ ਆਇਆ ਸੀ, ਉਹ ਭਾਜਪਾ ਸਰਕਾਰ ਦਾ ਹਿੱਸਾ ਸਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਨੂੰ ਬਿੱਲ ਬਾਰੇ ਕੋਈ ਜਾਣਕਾਰੀ ਨਾ ਹੋਵੇ, ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੇ ਵਿਚ ਵੱਡੇ ਵੱਡੇ ਸਟੋਰੇਜ ਬਣਾਉਣ ਲਈ ਅਕਾਲੀ ਦਲ ਵੇਲੇ ਜ਼ਮੀਨਾਂ ਦਿੱਤੀਆਂ ਗਈਆਂ, ਉਹ ਵੀ ਸਸਤੀ ਕੀਮਤਾਂ ਤੇ, ਜਿਸ ਗੱਲ ਨੂੰ ਲੈ ਕੇ ਹਾਲੇ ਵੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨੂੰ ਅਣਜਾਣ ਹੋਣ ਦੀ ਗੱਲ ਆਖ਼ ਰਿਹਾ। ਉਨ੍ਹਾਂ ਕਿਹਾ ਕਿ ਇਹ ਸਿਰਫ ਸਿਆਸਤ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ ਇਸੇ ਕਰਕੇ ਉਹਨਾਂ ਨੂੰ ਇਹ ਬਿੱਲ ਰੱਦ ਕਰਵਾਉਣ ਦਾ ਢੰਗ ਦੱਸ ਰਹੀ ਹੈ ਨਾ ਕੇ ਕਾਂਗਰਸ ਅਤੇ ਅਕਾਲੀ ਦਲ ਦੀ ਤਰ੍ਹਾਂ ਕਿਸਾਨਾਂ ਤੇ ਸਿਆਸਤ ਕਰ ਰਹੀ ਹੈ।