ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2020 - ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਖੇਤੀ ਬਿੱਲਾਂ ਦੇ ਮਾਮਲੇ ਤੇ ਕੈਪਟਨ ਸਰਕਾਰ ਨੂੰ ਮੁੱਖ ਤੌਰ ਤੇ ਘੇਰਿਆ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਲਪੇਟੇ ’ਚ ਜਦੋਂਕਿ ਮੋਦੀ ਸਰਕਾਰ ਖਿਲਾਫ ਬੀਬੀ ਕੁੱਝ ਵੀ ਨਹੀਂ ਬੋਲੀ। ਅੱਜ ਇੱਕ ਵਰਕਰ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਨੇ ਖੇਤੀਬਾੜੀ ਆਰਡੀਨੈਂਸਾਂ ਬਾਰੇ ਸਲਾਹਕਾਰੀ ਪ੍ਰਕਿਰਿਆ ਵਿਚ ਵੀ ਹਿੱਸਾ ਲਿਆ ਅਤੇ ਸਰਕਾਰੀ ਦਸਤਾਵੇਜ਼ ਉਪਲਬਧ ਹਨ ਜੋ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਮਾਮਲੇ ’ਚ ਕਸੂਰਵਾਰ ਸਾਬਤ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਨੇ 2019 ਵਿਚ ਕਿਸਾਨ ਵਿਰੋਧੀ ਕਦਮ ਲਈ ਸਹਿਮਤੀ ਦਿੱਤੀ ਪਰ ਆਪ ਇਕ ਸਾਲ ਤੱਕ ਚੁੱਪੀ ਧਾਰੀ ਰੱਖੀ ਜੋ ਕਿ ਪੰਜਾਬ ਤੇ ਇਸਦੇ ਕਿਸਾਨਾਂ ਨੂੰ ਧੋਖਾ ਦੇਣਾ ਬਰਾਬਰ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਉਹਨਾਂ ਨੂੰ ਕਿਸਾਨਾਂ ਜਾਂ ਉਹਨਾਂ ਦੇ ਹਿੱਤਾਂ ਨਾਲ ਕੋਈ ਹਮਦਰਦੀ ਨਹੀਂ ਹੈ।
ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ‘ਤੇ ਦੋਗਲੀ ਬੋਲੀ ਬੋਲਣ ਤੇ ਦੋਗਲਾਪਨ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਤਿੰਨੇ ਕੇਂਦਰੀ ਆਰਡੀਨੈਂਸ ਰੱਦ ਕਰਨ ਸਬੰਧੀ ਵਿਧਾਨ ਸਭਾ ‘ਚ ਪਾਸ ਹੋਇਆ ਮਤਾ ਕੇਂਦਰ ਸਰਕਾਰ ਨੂੰ ਭੇਜਣ ਤੋਂ ਨਾਂਹ ਕਰ ਕੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਹਨ। ਮੁੱਖ ਮੰਤਰੀ ਨੂੰ ਸਪਸ਼ਟੀਕਰਨ ਦੇਣ ਦੀ ਮੰਗ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਇਹ ਦੱਸਣ ਕਿ ਉਹਨਾਂ ਨੇ 28 ਅਗਸਤ ਨੂੰ ਪਾਸ ਹੋਇਆ ਮਤਾ ਇਕ ਮਹੀਨਾ ਬੀਤਣ ਦੇ ਬਾਵਜੂਦ ਕੇਂਦਰ ਕੋਲ ਕਿਉਂ ਨਹੀਂ ਭੇਜਿਆ। ਉਹਨਾਂ ਕਿਹਾ ਕਿ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕਿਤੇ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਅਤੇ ਮੁੱਖ ਮੰਤਰੀ ਕਿਸਾਨ ਵਿਰੋਧੀ ਤਾਕਤਾਂ ਨਾਲ ਰਲ ਗਏ ਹਨ ਜੋ ਕਿਸਾਨਾਂ ਨੂੰ ਨਿਆਂ ਨਹੀਂ ਮਿਲਣ ਦੇਣਾ ਚਾਹੁੰਦੀਆਂ। ਬਠਿੰਡਾ ਦੀ ਐਮ ਪੀ ਨੇ ਕਿਹਾ ਕਿ ਇਹ ਹੋਰ ਕੁਝ ਨਹੀਂ ਬਲਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਕਾਰਵਾਈ ਹੈ।
ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ 2017 ਵਿਚ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਸੂਬੇ ਵਿਚ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ, ਸਿੱਧੇ ਮੰਡੀਕਰਣ ਤੇ ਈ ਟਰੇਡਿੰਗ ਦੀ ਆਗਿਆ ਦੇ ਦਿੱਤੀ ਸੀ ਤੇ ਇਹੀ ਮੱਦਾਂ ਹਨ ਜਿਹਨਾਂ ਖਿਲਾਫ ਕਿਸਾਨ ਸੰਘਰਸ਼ ਕਰ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਤੇ ਕਿਸਾਨ ਯੂਨੀਅਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦਾ ਮੁੱਦਾ ਉਦੋਂ ਹੀ ਉਭਰਿਆ ਬਣਿਆ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧ ਵਜੋਂ ਭਾਰਤ ਸਰਕਾਰ ਦੀ ਕਾਰਵਾਈ ਦੇ ਖਿਲਾਫ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ। ਉਹਨਾਂ ਕਿਹਾ ਕਿ ਅਸੀਂ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਨਾਲ ਆਪਣਾ ਗਠਜੋੜ ਉਦੋਂ ਤੋੜ ਲਿਆ ਜਦੋਂ ਅਸੀਂ ਮਹਿਸੂਸ ਕਰ ਲਿਆ ਕਿ ਭਾਜਪਾ ਇਸ ‘ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ।
ਉਹਨਾਂ ਕਿਹਾ ਕਿ ਅਸੀਂ ਇਹ ਆਪਣੀ ਜ਼ਿੰਮੇਵਾਰੀ ਸਮਝੀ ਅਤੇ ਗਠਜੋੜ ਵਿਚੋਂ ਬਾਹਰ ਹੋ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਿਸਾਨਾ ਦੇ ਹਿੱਤਾਂ ਖਿਲਾਫ ਕਿਸੇ ਵੀ ਫੈਸਲੇ ਵਿਚ ਹਿੱਸਾ ਨਹੀਂ ਬਣ ਸਕਦਾ। ਪੰਜਾਬ ਯੂਥ ਕਾਂਗਰਸ ਵੱਲੋਂ ਦਿੱਲੀ ਵਿਚ ਟਰੈਕਟਰ ਸਾੜਨ ਦੀ ਕਾਰਵਾਈ ਨੂੰ ਤਮਾਸ਼ਾ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਕਬਾੜੀਏ ਤੋਂ ਟਰੈਕਟਰ ਖਰੀਦ ਕੇ ਦਿੱਲੀ ਵਿਚ ਅੱਗ ਲਗਾਉਣ ਫੌਕੀ ਸ਼ੋਹਰਤ ਹਾਸਲ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਲੋਕ ਇਸ ਡਰਾਮੇ ਨੂੰ ਜਾਣਦੇ ਹਨ ਤੇ ਉਹ ਇਹਨਾਂ ਚਾਲਾਂ ਵਿਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਚਮੁੱਚ ਕਿਸਾਨਾਂ ਪ੍ਰਤੀ ਗੰਭੀਰ ਹੈ ਤਾਂ ਫਿਰ ਉਸ ਕੋਲ ਪੰਜਾਬ ਨੂੰ ਸਰਕਾਰੀ ਮੰਡੀ ਐਲਾਨਣ ਦਾ ਅਧਿਕਾਰ ਹੈ ਜਿਸ ਨਾਲ ਕਾਰਪੋਰੇਟ ਦੀਆਂ ਵੱਡੀਆਂ ਮੱਛੀਆਂ ਕਿਸਾਨਾਂ ਦਾ ਨੁਕਸਾਨ ਨਹੀਂ ਕਰ ਸਕਣਗੀਆਂ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅਜਿਹਾ ਕਦਮ ਨਹੀਂ ਚੁੱਕੇਗੀ ਕਿਉਂਕਿ ਉਸਨੇ ਤਾਂ ਪਹਿਲਾਂ ਹੀ ਉਹ ਮੱਦਾਂ ਲਾਗੂ ਕਰ ਦਿੱਤੀਆਂ ਹਨ ਜੋ ਕੇਂਦਰ ਹੁਣ ਲਾਗੂ ਕਰ ਰਿਹਾ ਹੈ।