ਅਸ਼ੋਕ ਵਰਮਾ
ਮਾਨਸਾ, 2 ਅਕਤੂਬਰ 2020 - ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਵਾਪਸੀ ਲਈ ਮਾਨਸਾ ਰੇਲਵੇ ਸਟੇਸ਼ਨ ਤੇ ਅਣਮਿਥੇ ਸਮੇਂ ਲਈ ਰੇਲ ਆਵਾਜਾਈ ਰੋਕ ਕੇ ਦਿਨ ਰਾਤ ਦਾ ਲਾਇਆ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾਂ ਚਿਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਅਤੇ ਵਪਾਰੀ ਵਿਰੋਧੀ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੀ ਇਸੇ ਤਰਾਂ ਸੰਘਰਸ਼ ਜਾਰੀ ਰਹੇਗਾ । ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦਾ ਹਰ ਨੌਜਵਾਨ, ਵਪਾਰੀ, ਮੁਲਾਜ਼ਮ ਅਤੇ ਮਜ਼ਦੂਰ ਵਰਗ ਚਟਾਨ ਦੀ ਤਰਾਂ ਖੜਾ ਹੈ ਜੋ ਕਿ ਦੇਸ਼ ਵਿੱਚ ਆਜ਼ਾਦੀ ਦੀ ਲੜਾਈ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਕਿਸਾਨ ਮਸਲਿਆਂ ਤੇ ਆਪਣੀ ਰਾਜਨੀਤੀ ਨਾ ਕਰਨ । ਜੇਕਰ ਕਿਸੇ ਪਾਰਟੀ ਨੇ ਅਜਿਹਾ ਕੀਤਾ ਤਾਂ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਏਗਾ। ਕਿਸਾਨ ਆਗੂਆਂ ਨੇ ਸੰਘਰਸ਼ ਹੋਰ ਤਿੱਖਾ ਕਰਦੇ ਹੋਏ ਬਰੇਟਾ ਅਤੇ ਕੋਟਲੀ ਰੇਲਵੇ ਸਟੇਸ਼ਨਾਂ ਤੇ ਵੀ ਸ਼ਨੀਵਾਰ ਤੋਂ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਅੱਜ ਇਸ ਧਰਨੇ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਮਨਜੀਤ ਸਿੰਘ ਧਨੇਰ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ, ਗੋਰਾ ਸਿੰਘ ਭੈਣੀ ਬਾਘਾ ਤੇ ਗੁਰਨਾਮ ਸਿੰਘ ਭੀਖੀ, ਕੁੱਲ ਹਿੰਦ ਕਿਸਾਨ ਸਭਾ ਦੇ ਹਰਦੇਵ ਅਰਸ਼ੀ, ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜਰਨੈਲ ਸਿੰਘ ਸਤੀਕੇ, ਜਮਹੂਰੀ ਕਿਸਾਨ ਸਭਾ ਵੱਲੋਂ ਮੇਜਰ ਸਿੰਘ ਦੂਲੋਵਾਲ, ਸੁਖਦੇਵ ਅਤਲਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਨਿਰਮਲ ਸਿੰਘ ਝੰਡੂਕੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿਲਬਾਗ ਸਿੰਘ ਕਲੀਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਦਰਸ਼ਨ ਸਿੰਘ ਟਾਹਲੀਆਂ, ਬੀਕੇਯੂ ਕ੍ਰਾਂਤੀਕਾਰੀ ਵੱਲੋਂ ਜਸਪਾਲ ਉਭਾ, ਬੀਕੇਯੂ ਮਾਨਸਾ ਵੱਲੋਂ ਬੋਘ ਸਿੰਘ ਮਾਨਸਾ, ਸੁਖਦੇਵ ਸਿੰਘ ਕੋਟਲੀ, ਬੀਕੇਯੂ ਸਿੱਧਪੁਰ ਵੱਲੋਂ ਮਲੂਕ ਸਿੰਘ ਹੀਰਕੇ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਡਾ.ਧੰਨਾਂ ਮੱਲ ਗੋਇਲ, ਸੰਵਿਧਾਨ ਬਚਾਓ ਮੰਚ ਵੱਲੋਂ ਗੁਰਲਾਭ ਸਿੰਘ ਮਾਹਲ, ਬਲਵੀਰ ਕੌਰ ਐਡਵੋਕੇਟ, ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਜਸਬੀਰ ਕੌਰ ਨੱਤ, ਗੁਰਪਿਆਰ ਸਿੰਘ ਕੋਟਲੀ ਡੀਟੀਐਫ, ਮੱਖਣ ਸਿੰਘ ਉਡਤ ਜਿਲਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ, ਜਸਵੰਤ ਸਿੰਘ ਮੌਜੋ ਜਿਲਾ ਪ੍ਰਧਾਨ ਸਾਂਝਾ ਮੁਲਾਜ਼ਮ ਮੰਚ ਪੰਜਾਬ, ਮਨਮਿੰਦਰ ਸਿੰਘ ਬੀਰੇਵਾਲਾ ਡੋਗਰਾ ਸ਼ਹੀਦ ਗੁਰਤੇਜ ਸਿੰਘ ਫਾਉਂਡੇਸ਼ਨ ਆਦਿ ਨੇ ਸੰਬੋਧਨ ਕੀਤਾ।