ਰਾਜਵੰਤ ਸਿੰਘ
- ਆਪ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਿੰਡ ਭਲਾਈਆਣਾ ’ਚ ਜਨ ਸਭਾ ਨੂੰ ਕੀਤਾ ਸੰਬੋਧਨ
- ਦਿੱਲੀ ’ਚ ਕੇਂਦਰ ਸਰਕਾਰ ਅਤੇ ਖੇਤ ਕਾਨੂੰਨਾਂ ਵਿਰੁੱਧ ਜੰਤਰ-ਮੰਤਰ ਵਿਖੇ ਕੱਲ੍ਹ ਹੋਵੇਗਾ ਵਿਰੋਧ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ 2020 - ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ’ਚ ਅੱਜ ਪਿੰਡ ਭਲਾਈਆਣਾ ਦੀ ਦਾਣਾ ਮੰਡੀ ’ਚ ਆਮ ਆਦਮੀ ਪਾਰਟੀ ਵੱਲੋਂ ਵਿਸ਼ਾਲ ਜਨਸਭਾ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਅਕਾਲੀ ਤੇ ਕਾਂਗਰਸੀਆਂ ਨੂੰ ਕਰੜੇ ਹੱਥੀ ਲਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੰਸਦ ਵਿੱਚ ਪਾਸ ਹੋਣ ਵਾਲੇ ਇਨ੍ਹਾਂ ਕਾਲੇ ਕਾਨੂੰਨਾਂ ਲਈ ਜਿੰਮੇਵਾਰ ਹਨ ਅਤੇ ਉਹ ਦੋਵੇਂ ਇਸ ਰਾਜ ਨੂੰ ਲੁੱਟਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਭੁੱਖਮਰੀ ਵੱਲ ਧੱਕਣ ਵਿੱਚ ਸ਼ਾਮਲ ਹਨ। ਥਰਮਲ ਪਲਾਂਟਾਂ ਲਈ ਕੋਲੇ ਦੀ ਘਾਟ ਦੇ ਮੁੱਦੇ ’ਤੇ ਮੁੱਖ ਮੰਤਰੀ ਨੂੰ ਘੇਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਰੇਲ ਰੋਕੋ ਅੰਦੋਲਨ ਬੰਦ ਕਰਨ ਅਤੇ ਕੋਲੇ ਵਰਗੀਆਂ ਵਸਤੂਆਂ ਨੂੰ ਪੰਜਾਬ ਵਿਚ ਦਾਖਲ ਹੋਣ ਦੀ ਅਪੀਲ ਕਰਨ ਦੀ ਬਜਾਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਕਿਸਾਨਾਂ ਨਾਲ ਗੱਲ ਕਰਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਿਜਲੀ ਤੋਂ ਬਗੈਰ ਜਿਉਣਾ ਜਾਣਦੇ ਹਨ, ਉਹ ਮੋਮਬੱਤੀਆਂ ਅਤੇ ਲਾਲਟੈਨਾਂ ਨਾਲ ਜੀਅ ਲੈਣਗੇ, ਪਰ ਅਸਲ ਖੇਤੀ ਮੁੱਦੇ ’ਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਖੇਤੀ ਕਾਨੂੰਨਾਂ ਸਬੰਧੀ ਪ੍ਰਧਾਨ ਮੰਤਰੀ ਨੂੰ ਫੌਰੀ ਤੌਰ ’ਤੇ ਮਿਲਣ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਸਮੂਹ ਪਿੰਡਾਂ ਦੇ ਸਰਪੰਚਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਮਤੇ ਪਾਉਣ ਦੀ ਸਲਾਹ ਵੀ ਦਿੱਤੀ।
ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇੰਨ੍ਹਾਂ ਬਿੱਲਾਂ ਤੋਂ ਭਲੀਭਾਂਤੀ ਜਾਣੂ ਸਨ, ਪਰ ਫ਼ਿਰ ਵੀ ਕਿਸਾਨਾਂ ਨੂੰ ਧੋਖੇ ’ਚ ਰੱਖਿਆ ਗਿਆ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ 12 ਅਕਤੂਬਰ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਵਰਕਰਾਂ ਨੂੰ ਪੁੱਜਣ ਲਈ ਲਾਮਬੰਦ ਕੀਤਾ।