ਦੀਪਕ ਜੈਨ
- ਕੇਂਦਰ ਸਰਕਾਰ ਦੀਆਂ ਜੜਾਂ ਹਿਲਾਵਾਂਗੇ : ਮਾਣੂਕੇ
ਜਗਰਾਓਂ, 11 ਅਕਤੂਬਰ 2020 - ਆਪ ਵਿਧਾਇਕ ਜਗਰਾਓਂ ਅਤੇ ਵਿਧਾਨਸਭਾ ਵਿਚ ਵਿਰੋਧੀ ਧਿਰ ਦੀ ਉਪਨੇਤ੍ਰੀ ਸਰਬਜੀਤ ਕੌਰ ਮਾਣੂਕੇ ਵਲੋਂ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ 'ਤੇ ਕਿਸਾਨ ਬਿਲ 'ਤੇ ਪ੍ਰਧਾਨਮੰਤਰੀ ਨਾਲ ਅੰਦਰੋਂ ਸਮਝੌਤਾ ਕਰਨ ਦਾ ਆਰੋਪ ਲਗਾਇਆ ਜਾ ਰਿਹਾ ਹੈ। ਮਾਣੂਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕਾਂ ਲਈ ਖੜੀ ਰਹੇਗੀ ਅਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਬਿਲ ਖਿਲਾਫ ਪਾਰਟੀ ਵਲੋਂ ਪੰਜਾਬ ਵਿਧਾਨਸਭਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਪਰ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਫਾਇਦਾ ਨਹੀਂ ਚਾਹੁੰਦੇ।
ਮਾਣੂਕੇ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਕਿਓਂਕਿ ਵਿਧਾਨਸਭਾ ਵਿਚੋਂ ਅਜੇ ਤਕ ਬਿਲ ਦਾ ਵਿਰੋਧ ਕਰਨ ਵਾਲਾ ਮਤਾ ਹੀ ਰਾਸ਼ਟਰਪਤੀ ਤਕ ਨਹੀਂ ਪਹੁੰਚਾਇਆ ਗਿਆ ਅਤੇ ਡਰਾਮੇਬਾਜੀ ਕੀਤੀ ਜਾ ਰਹੀ ਹੈ। ਓਨਾ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਡੇ ਕੋਰੋਪੋਰੇਟ ਘਰਾਣਿਆਂ ਨੂੰ ਹੋਰ ਉਛਾ ਚੁੱਕਣ ਲਈ ਇਹ ਬਿਲ ਲਿਆਂਦੇ ਗਏ ਹਨ ਜਿੰਨਾ ਦਾ ਵਿਰੋਧ ਸਿਰਫ ਆਮ ਆਦਮੀ ਪਾਰਟੀ ਵਲੋਂ ਲੋਕਸਭਾ ਵਿਚ ਕੀਤਾ ਗਿਆ ਪਰ ਪੰਜਾਬ ਦੇ ਹੋਰ ਲੀਡਰ ਪਾਰਲਿਆਮੇਂਟ ਵਿਚ ਬਿਲ ਰੁਕਵਾਉਣ ਲਈ ਕੁਛ ਨਹੀਂ ਕਰ ਸਕੇ ਅਤੇ ਆਪਣੇ ਬਾਹਰ ਗਏ ਹੋਣ ਦਾ ਬਹਾਨਾ ਬਣਾਉਂਦੇ ਰਹੇ।
ਬੀਬੀ ਮਾਣੂਕੇ ਦਾ ਕਹਿਣਾ ਹੈ ਕਿ 31 ਜਥੇਬੰਦੀਆਂ ਦੇ ਪ੍ਰਧਾਨਾਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਮੀਟਿੰਗ ਜਾਣ ਬੁੱਝ ਕੇ ਨਹੀਂ ਕਰ ਰਹੇ ਕਿਓਂਕਿ ਉਹ ਮੋਦੀ ਨਾਲ ਅੰਦਰਖਾਤੇ ਸਮਝੌਤਾ ਕਰਕੇ ਬੈਠੇ ਹਨ ਅਤੇ ਕੋਰੋਨਾ ਦਾ ਬਹਾਨਾ ਬਣਾ ਰਹੇ ਹਨ। ਮਾਣੂਕੇ ਨੇ ਜਾਣਕਾਰੀ ਦਿਤੀ ਕਿ 12 ਤਰੀਕ ਨੂੰ ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਖੇ ਵਿਰੋਧ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੀਆਂ ਜੜਾਂ ਹਿਲਾਕੇ ਰੱਖ ਦਿਤੀਆਂ ਜਾਣਗੀਆਂ।