ਸੰਜੀਵ ਸੂਦ
- ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਕੱਟੜਪੰਥੀਆਂ ਅਤੇ ਸਿਆਸਤਦਾਨਾਂ ਦੀ ਸਾਜਿਸ਼ ਨੂੰ ਖਤਮ ਕਰਨਾ ਚਾਹੀਦਾ ਹੈ - ਪਵਨ ਗੁਪਤਾ
- ਕਿਹਾ, ਭਾਜਪਾ ਪਹਿਲਾਂ ਕਿਸਾਨਾਂ ਨੂੰ ਵਿਸ਼ਵਾਸ 'ਚ ਲਿਆ ਹੁੰਦਾ ਤਾਂ ਅੰਨਾਦਾਤਾ ਸੜਕਾਂ 'ਤੇ ਸੰਘਰਸ਼ ਨਹੀਂ ਕਰ ਰਿਹਾ ਹੁੰਦਾ
ਲੁਧਿਆਣਾ, 11 ਅਕਤੂਬਰ 2020 - ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਮੁਖੀ ਪਵਨ ਗੁਪਤਾ ਨੇ ਪਾਰਟੀ ਦੇ ਪੰਜਾਬ ਪੱਧਰੀ ਲੀਡਰਾਂ, ਜਿਨ੍ਹਾਂ ਵਿੱਚ ਨੈਸ਼ਨਲ ਪਾਰਟੀ ਦੇ ਜਨਰਲ ਸੱਕਤਰ ਕ੍ਰਿਸ਼ਨਾ ਸ਼ਰਮਾ, ਕਾਰਜਕਾਰੀ ਪੰਜਾਬ ਮੁਖੀ ਸੰਜੀਵ ਦੇਮ, ਪੰਜਾਬ ਦੇ ਬੁਲਾਰੇ ਚੰਦਰਕਾਂਤ ਚੱਢਾ, ਯੂਥ ਸੈਨਾ ਪੰਜਾਬ ਦੇ ਮੁਖੀ ਮਨੀ ਸ਼ੇਰਾ ਸ਼ਾਮਲ ਹਨ ਦੇ ਨਾਲ ਪਾਰਟੀ ਦੀਆਂ ਰਣਨੀਤੀਆਂ ਬਾਰੇ ਮੀਟਿੰਗ ਕੀਤੀ।
ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਵਨ ਗੁਪਤਾ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਅਤੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਖੇਤੀ ਕਾਨੂੰਨਾਂ ਬਾਰੇ ਪਹਿਲਾਂ ਹੀ ਸਪੱਸ਼ਟ ਕੀਤੇ ਗਏ ਸਟੈਂਡ 'ਤੇ ਸਖ਼ਤ ਆਵਾਜ਼ ਉਠਾਉਂਦਿਆਂ ਸ਼ਿਵ ਸੈਨਾ ਹਿੰਦੁਸਤਾਨ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਾਕੀਦ ਕੀਤੀ ਹੈ ਕਿ ਅੰਨਾਦਾਤਾ ਦਾ ਸੜਕਾਂ 'ਤੇ ਉਤਰਨਾ ਦੇਸ਼ ਹਿੱਤ ਵਿੱਚ ਨਹੀਂ ਹੈ।
ਪਵਨ ਗੁਪਤਾ ਨੇ ਕਿਹਾ ਕਿ ਕੁਝ ਰਾਜਨੇਤਾ, ਅਖੌਤੀ ਗਾਇਕਾਂ ਅਤੇ ਵਿਦੇਸ਼ਾਂ 'ਚ ਸਰਗਰਮ ਗੁਰਪਤਵੰਤ ਪੰਨੂੰ ਵਰਗੇ ਕੱਟੜਪੰਥੀਆਂ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਹ ਕਿਸਾਨਾਂ ਨੂੰ ਅਪੀਲ ਕਰਨਗੇ ਕਿ ਕਿਸਾਨ ਵਿਦੇਸ਼ਾਂ ਤੋਂ ਸਰਗਰਮ ਦੇਸ਼-ਵਿਰੋਧੀ ਸਿੱਖ ਫਾਰ ਜਸਟਿਸ, ਅਖੌਤੀ ਗਾਇਕਾਂ ਅਤੇ ਸਿਆਸਤਦਾਨਾਂ ਦੀ ਸਾਜਿਸ਼ ਨੂੰ ਨਾਕਾਮ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ 'ਚ ਯੋਗਦਾਨ ਪਾਉਣ।
ਪਵਨ ਗੁਪਤਾ ਨੇ ਕਿਹਾ ਕਿ ਅੱਜ ਭਾਜਪਾ ਸਰਕਾਰ ਅੰਨਾਦਾਤਾ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੜਕਾਂ ਅਤੇ ਰੇਲ ਮਾਰਗਾਂ ’ਤੇ ਅੰਦੋਲਨ ਤੋਂ ਬਾਅਦ ਜਾਗ ਪਈ ਹੈ। ਜੇ ਕਿਸਾਨ ਬਿੱਲ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਵਿਸ਼ਵਾਸ 'ਚ ਲਿਆ ਹੁੰਦਾ ਤਾਂ ਦੇਸ਼ ਦਾ ਅੰਨਾਦਾਤਾ ਅੱਜ ਸੜਕਾਂ ਅਤੇ ਰੇਲ ਮਾਰਗਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਨਾ ਹੁੰਦਾ।
ਪਵਨ ਗੁਪਤਾ ਨੇ ਮੀਡੀਆ ਨੂੰ ਦੱਸਿਆ ਕਿ ਹਿੰਦੁਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਸ਼ਿਵ ਸੈਨਾ ਵਰਕਰ ਪਾਰਟੀ ਦੇ ਚਿੰਨ੍ਹ ਤੋਂ ਬਿਨਾਂ ਕਿਸਾਨਾਂ ਵੱਲੋਂ ਲਾਏ ਜਾ ਰਹੇ ਧਰਨਿਆਂ ਵਿੱਚ ਆਪਣਾ ਸਮਰਥਨ ਦੇ ਰਹੇ ਹਨ। ਕਿਸਾਨਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੇ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਜਨਰਲ ਸਕੱਤਰ ਕ੍ਰਿਸ਼ਨਾ ਸ਼ਰਮਾ, ਪੰਜਾਬ ਕਾਰਜਕਾਰੀ ਮੁੱਖੀ ਸੰਜੀਵ ਦੇਮ, ਸੀਨੀਅਰ ਮੀਤ ਪ੍ਰਧਾਨ ਰੋਹਿਤ ਮਹਿੰਗੀ, ਪੰਜਾਬ ਦੇ ਬੁਲਾਰੇ ਚੰਦਰਕਾਂਤ ਚੱਢਾ ਮੌਜੂਦ ਸਨ।