- ਕਿਹਾ ਕਿ ਇਹ ਗੈਰ ਸਮਾਜਿਕ ਤੱਤਾਂ ਦਾ ਕੰਮ ਜੋ ’ਕਿਸਾਨ’ ਸੰਘਰਸ਼ ਨੂੰ ਸਾਬੋਤਾਜ ਕਰਨਾ ਚਾਹੁੰਦੇ ਹਨ
ਚੰਡੀਗੜ੍ਹ, 13 ਅਕਤੂਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ’ਤੇ ਹੋਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਹਿਕਾ ਕਿ ਇਹ ਗੈਰ ਸਮਾਜਿਕ ਤੱਤਾਂ ਦਾ ਕੰਮ ਹੈ ਜੋ ਖੇਤੀਬਾੜੀ ਮੰਡੀਕਰਨ ਐਕਟਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨੂੰ ਸਾਬੋਤਾਜ ਕਰਨਾ ਚਾਹੁੰਦੇ ਹਨ।
ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਵਿਚ ਹਿੰਸਾ ਦੀ ਕੋਈ ਥਾਂ ਨਹੀਂ ਹੈ ਤੇ ਹਿੰਸਕ ਗਤੀਵਿਧੀਆਂ ਨਾਲ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਅਜਿਹੇ ਹਮਲੇ ਕਰਨ ਵਾਲੇ ਕਦੇ ਵੀ ਕਿਸਾਨੀ ਭਾਈਚਾਰੇ ਦੇ ਸ਼ੁੱਭਚਿੰਤਕ ਨਹੀਂ ਹੋ ਸਕਦੇ।
ਸੁਖਬੀਰ ਸਿੰਘ ਬਾਦਲ ਬਾਦਲ ਨੇ ਕਾਂਗਰਸ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਇਹਨਾਂ ਗੈਰ ਸਮਾਜਿਕ ਤਾਕਤਾਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਵੇ ਜਿਨ੍ਹਾਂ ਦੀ ਵਰਤੋਂ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਉਤਸ਼ਾਹਿਤ ਨਾ ਕਰੇ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਸਪਸ਼ਟ ਹਾਂ ਕਿ ਕਿਸਾਨ ਕਦੇ ਵੀ ਅਜਿਹੀਆਂ ਕਾਰਵਾਈਆਂ ਨਹੀਂ ਕਰ ਸਕਦੇ ਤੇ ਅਸੀਂ ਹਮਲੇ ਦਾ ਦੋਸ਼ ਕਿਸਾਨਾਂ ਸਿਰ ਮੜ੍ਹਨ ਦੇ ਕਿਸੇ ਵੀ ਯਤਨ ਦਾ ਵਿਰੋਧ ਕਰਾਂਗੇ। ਬਾਦਲ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਤੁਰੰਤ ਲੋੜੀਂਦੇ ਕਦਮ ਚੁੱਕੇ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰ ਸਕਣ। ਉਨ੍ਹਾਂ ਨੇ ਹਰ ਹਾਲਾਤ ਵਿਚ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਤੇ ਕੇਂਦਰ ਸਰਕਾਰ ਨੂੰ ਆਖਿਆ ਕਿ ਰਾਜ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ