ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2020 - ਪਲਸ ਮੰਚ ਪੰਜਾਬ ਨੇ ਅੱਜ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ੀ ਪਾਰਾ ਚੜ੍ਹਾਉਣ ਦਾ ਸੱਦਾ ਦਿੱਤਾ ਹੈ। ਮੰਚ ਦੇ ਆਗੂ ਅਮੋਲਕ ਸਿੰਘ ਅੱਜ ਜੀਦਾ ਟੋਲ ਪਲਾਜੇ ਤੇ ਚੱਲ ਰਹੇ ਮੋਰਚੇ ’ਚ ਪੁੱਜੇ ਅਤੇ ਕਿਸਾਨਾਂ ਦੀ ਪਿੱਠ ਥਾਪੜੀ। ਉਨਾਂ ਆਖਿਆ ਕਿ ਹੁਣ ਇਸ ਸੰਘਰਸ਼ ਨੂੰ ਲੰਮਾ ਲਿਜਾਣਾ ਹੋਵੇਗਾ ਤਾਂ ਹੀ ਪ੍ਰਾਪਤੀ ਵੱਲ ਵਧਿਆ ਜਾ ਸਕਦਾ ਹੈ। ਉਨਾਂ ਕੇਂਦਰ ਸਰਕਾਰ ਨੂੰ ਲਲਕਾਰਿਆ ਜਾਂ ਖੇਤੀ ਕਾਨੂੰਨ ਰੱਦ ਕਰੋ ਨਹੀਂ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਉਨਾਂ ਦੋਸ਼ ਲਾਇਆ ਕਿ ਅਸਲ ’ਚ ਇਹ ਕਾਨੂੰਨ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਹੱਕ ਵਿੱਚ ਲਿਆਂਦੇ ਗਏ ਹਨ। ਉਨਾਂ ਕਿਹਾ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਏ ਕਾਰਨ ਹੀ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨਾਂ ਕਿਹਾ ਕਿ ਇਸ ਸੰਘਰਸ਼ ਵਿੱਚ ਹੁਣ ਤੱਕ ਅੱਧੀ ਦਰਜਨ ਕਿਸਾਨਾਂ ਵੱਲੋਂ ਸ਼ਹੀਦੀਆਂ ਪਾਉਣਾ ਅਤੇ ਸੰਘਰਸ਼ ਦਾ ਹੋਰ ਤਿੱਖਾ ਹੋਣਾ ਸਾਬਤ ਕਰਨ ਲਈ ਕਾਫੀ ਹੈ ਕਿ ਕਿਸਾਨ ਬਿਨਾਂ ਜਿੱਤ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ।
ਉੱਧਰ ਧਰਨੇ ਨੂੰ ਸੰਬੋਧਨ ਕਰਦਿਆਂ ਹਰਿੰਦਰ ਕੌਰ ਬਿੰਦੂ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਪੱਖ ਵਿੱਚ ਪ੍ਰਚਾਰ ਦੌਰਾਨ ਕਿਸਾਨਾਂ ਨੂੰ ਆਖਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਕਿਸਾਨ ਪੱਖੀ ਹਨ ਜਦੋਂਕਿ ਅਸਲੀਅਤ ਕੁੱਝ ਹੋਰ ਹੈ। ਉਨਾਂ ਭਾਜਪਾ ਆਗੂਆਂ ਨੂੰ ਆਖਿਆ ਕਿ ਉਹ ਲੁਕ ਕੇ ਮੀਟਿੰਗਾਂ ਕਰਨ ਦੀ ਥਾਂ ਕਿਸਾਨਾਂ ਦੇ ਇਕੱਠ ਵਿਚ ਆਉਣ ਤੇ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਣ। ਉਨਾਂ ਆਖਿਆ ਕਿ ਕਿਸਾਨ ਮਾਰੂ ਖੇਤੀ ਕਾਨੂੰਨ ਬਣਾ ਕੇ, ਸੰਘਰਸਸ਼ੀਲ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਮੋਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਅਡਾਨੀਆਂ, ਅੰਬਾਨੀਆਂ, ਬਿਰਲਿਆਂ ਸਮੇਤ ਹੋਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਦੀ ਪਿਛਲੱਗੂ ਹੈ ਜੋ ਨੰਗੇ ਚਿੱਟੇ ਰੂਪ ਵਿੱਚ ਕਿਸਾਨ ਮਾਰੂ ਨੀਤੀਆਂ ਘੜ ਕੇ ਧਨਾਢ ਘਰਾਣਿਆਂ ਦੇ ਹਿੱਤ ਪੂਰ ਰਹੀ ਹੈ। ਆਗੂਆਂ ਨੇ ਅੱਜ ਵੀ ਐਲਾਨ ਕੀਤਾ ਹੈ ਕਿ ਜੋ ਸੰਸਦ ਮੈਂਬਰ ਪਾਰਲੀਮੈਂਟ ਜਾਂ ਹੋਰ ਨੇਤਾ ਖੇਤੀ ਕਾਨੂੰਨਾਂ ਦੇ ਹੱਕ ਵਿਚ ਖੜਨਗੇ, ਉਨਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਮੋਦੀ ਸਰਕਾਰ ਵੱਲੋਂ ਦਿੱਲੀ ’ਚ ਕਿਸਾਨਾਂ ਨਾਲ ਅਪਣਾਏ ਵਤੀਰੇ ਖਿਲਾਫ ਨਰਿੰਦਰ ਮੋਦੀ ਦੀ ਅਰਥੀ ਫੂਕੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਔਰਤਾਂ ਲਗਾਤਾਰ ਮੋਰਚਿਆਂ ਵਿਚ ਪੁੱਜ ਰਹੀਆਂ ਹਨ। ਸਰਕਾਰ ਇਸ ਗੱਲੋਂ ਫਿਕਰਮੰਦ ਹੋਈ ਹੈ ਕਿ ਕਿਸਾਨ ਇਕੱਠਾਂ ਵਿਚ ਹੁਣ ਨੌਜਵਾਨਾਂ ਅਤੇ ਔਰਤਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਦਿਨੋ ਦਿਨ ਤੇਜ ਹੋਏ ਸੰਘਰਸ਼ੀ ਪਾਰੇ ਨੂੰ ਦੇਖਦਿਆਂ ਖੁਫੀਆ ਏਜੰਸੀਆਂ ਵੀ ਮੋਰਚਿਆਂ ਤੇ ਨਜ਼ਰ ਰੱਖਣ ਲੱਗੀਆਂ ਹਨ। ਇਸ ਮੌਕੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਸਮੇਤ ਕਿਸਾਨ ਵਿਰੋਧੀ ਫੈਸਲੇ ਰੱਦ ਕਰਨ ਅਤੇ 19 ਅਕਤੂਬਰ ਨੂੰ ਵਿਧਾਨ ਸਭਾ ਅੱਗੇ ਦਿੱਤੇ ਜਾਣ ਵਾਲੇ ਧਰਨੇ ’ਚ ਸ਼ਾਮਲ ਹੋਣ ਦਾ ਹੋਕਾ ਵੀ ਦਿੱਤਾ ਗਿਆ।