ਅਸ਼ੋਕ ਵਰਮਾ
ਮਾਨਸਾ, 18 ਅਕਤੂਬਰ 2020 - ਮਾਨਸਾ ’ਚ ਚੱਲ ਰਹੇ ਕਿਸਾਨ ਮੋਰਚੇ ’ਚ ਅੱਜ ਹਜ਼ਾਰਾਂ ਕਿਸਾਨ-ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਪਾਰਟੀ ਵਿੱਚੋਂ ਅਸਤੀਫੇ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਦੀ ਮਿੱਟੀ ਅਤੇ ਜ਼ਮੀਨ ਤੇ ਪੈਦਾ ਹੋ ਕੇ ਕਿਸਾਨਾਂ ਤੇ ਸਮੁੱਚੇ ਵਰਗ ਨੂੰ ਮਾਲਕਾਂ ਤੋਂ ਨੌਕਰ ਬਣਾਉਣ ਲਈ ਸਮੁੱਚੇ ਪੰਜਾਬ ਅਤੇ ਪੰਜਾਬੀਅਤ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉੱਧਰ ਖੇਤੀ ਵਿਰੋਧੀ ਕਾਨੂੰਨ ਵਾਪਿਸ ਕਰਵਾਉਣ ਸਬੰਧੀ ਸੰਘਰਸ਼ 18 ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਅੱਜ ਸੰਘਰਸ਼ ਦੌਰਾਨ ਗੜੱਦੀ ਦੇ ਜੁਗਰਾਜ ਸਿੰਘ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਬੀ.ਕੇ.ਯੂ ਕ੍ਰਾਂਤੀਕਾਰੀ ਪੰਜਾਬ ਦੇ ਜਲੌਰ ਸਿੰਘ, ਬੀ.ਕੇ.ਯੂ ਡਕੌਂਦਾ ਮਹਿੰਦਰ ਸਿੰਘ ਭੈਣੀ ਬਾਘਾ, ਕੁੱਲ ਹਿੰਦ ਕਿਸਾਨ ਸਭਾ ਕਿ੍ਰਸ਼ਨ ਚੌਹਾਨ, ਕੁੱਲ ਹਿੰਦ ਕਿਸਾਨ ਸਭਾ (ਪੰਨਾਵਾਲ) ਦੇ ਕੁਲਵਿੰਦਰ ਸਿੰਘ ਉੱਡਤ, ਬੀ.ਕੇ.ਯੂ ਮਾਨਸਾ ਦੇ ਗੁਰਚਰਨ ਸਿੰਘ ਭੀਖੀ, ਬੀ.ਕੇ.ਯੂ ਕਾਦੀਆਂ ਗੁਰਤੇਜ ਸਿੰਘ ਨੰਦਗੜ, ਬੀ.ਕੇ.ਯੂ ਲੱਖੋਵਾਲ ਦੇ ਦਰਸ਼ਨ ਸਿੰਘ ਜਟਾਣਾ, ਪੰਜਾਬ ਕਿਸਾਨ ਯੂਨੀਅਨ ਪੰਜਾਬ ਸਿੰਘ ਅਕਲੀਆਂ ਤਲਵੰਡੀ, ਜਮੂਹਰੀ ਕਿਸਾਨ ਸਭਾ ਛੱਜੂ ਰਾਮ ਅਲੀਸ਼ੇਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਗੁਰਮੇਲ ਸਿੰਘ ਮੂਸਾ ਆਦਿ ਕਿਸਾਨ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰਕੇ ਮੋਦੀ ਸਰਕਾਰ ਅਤੇ ਆਰ.ਐਸ.ਐਸ ਵੱਲੋਂ ਕਿਸਾਨੀ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਭੁਲਾਖੇਪਾਉ ਯਤਨ ਜਾਰੀ ਹਨ।
ਉਹਨਾਂ ਅਸ਼ਵਨੀ ਸ਼ਰਮਾ ਨੂੰ ਨਸੀਹਤ ਦਿੱਤੀ ਕਿ ਉਹ ਲੋਕ ਵਿਰੋਧੀ, ਪੰਜਾਬ ਵਿਰੋਧੀ ਕਿਸਾਨ ਵਿਰੋਧੀ. ਬੀ.ਜੇ.ਪੀ. ਅਤੇ ਆਰ.ਐਸ.ਐਸ. ਅਸਤੀਫਾ ਦੇ ਕੇ ਲੋਕ ਹਿੱਤ ਫੈਸਲੇ ਵਿੱਚ ਸਹਿਯੋਗ ਕਰਨ। ਇਸ ਮੌਕੇ ਤਰਸੇਮ ਸਿੰਘ ਹੀਰਕੇ, ਸੰਚਾਲਕ ਕਮੇਟੀ ਬਲਵਿੰਦਰ ਸ਼ਰਮਾ, ਲੰਗਰ ਕਮੇਟੀ ਕਰਨੈਲ ਸਿੰਘ ਮਾਨਸਾ ਅਤੇ ਇਕਬਾਲ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਕਿਸਾਨ ਸੜਕਾਂ ’ਤੇ ਸ਼ੌਕ ਨੂੰ ਨਹੀਂ ਬੈਠੇ, ਸਗੋਂ ਕਿਸਾਨਾਂ ਦੀਆਂ ਜੱਦੀ-ਪੁਸ਼ਤੀ ਜ਼ਮੀਨਾਂ ਖੁੱਸਣ ਲੱਗੀਆਂ ਹਨ ਅਤੇ ਉਨਾਂ ਦੇ ਹੱਕਾਂ ਉਪਰ ਡਾਕਾ ਪੈ ਗਿਆ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਲੋਕ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਤੇਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੰਘਰਸ਼ੀ ਲੋਕ ਇਨਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਣਗੇ।