ਅਸ਼ੋਕ ਵਰਮਾ
- ਰੇਲ ਟਰੈਕ ਜਾਮ ਕਰਕੇ ਕਿਸਾਨਾਂ ਨੇ ਪਾਇਆ ਪ੍ਰਾਈਵੇਟ ਥਰਮਲਾਂ ਦੀਆਂ ਸੇਵੀਆਂ ’ਚ ਲੂਣ
ਬਠਿੰਡਾ, 23 ਅਕਤੂਬਰ 2020 - ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਥਰਮਲ ਪਲਾਂਟਾਂ ਨੂੰ ਕੋਇਲੇ ਦੀ ਸਪਲਾਈ ਲਈ ਮਾਲ ਗੱਡੀਆਂ ਦੀ ਆਵਾਜਾਈ ਨੂੰ ਇਜਾਜਤ ਦੇਣ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਤੇ ਕਿਸਾਨਾਂ ਨੇ ਪ੍ਰਾਈਵੇਟ ਥਰਮਲਾਂ ਲਈ ਕੋਇਲਾ ਪੁੱਜਣ ਤੋਂ ਰੋਕਣ ਲਈ ਅੱਜ ਅਚਨਚੇਤ ਤਲਵੰਡੀ ਸਾਬੋ ਥਰਮਲ ਲਾਗੇ ਰੇਲ ਟਰੈਕ ਜਾਮ ਕਰ ਦਿੱਤਾ ਹੈ ਜਦੋਂਕਿ ਰਾਜਪੁਰਾ ਥਰਮਲ ਖਿਲਾਫ ਇਹ ਕਾਰਵਾਈ ਸ਼ਨੀਵਾਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪ੍ਰਾਈਵੇਟ ਥਰਮਲਾਂ ਨਾਲ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਲੋਕ ਵਿਰੋਧੀ ਸਮਝੌਤੇ ਰੱਦ ਕਰਕੇ ਸਰਕਾਰੀ ਥਰਮਲ ਚਲਾਏ ਜਾਣ ਦੀ ਮੰਗ ਉੱਪਰ ਜੋਰ ਦੇਣ ਲਈ ਬਣਾਵਾਲੀ ਥਰਮਲ ਨੂੰ ਜਾਂਦੀ ਕੋਇਲੇ ਦੀ ਸਪਲਾਈ ਠੱਪ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਹਨਾਂ ਥਰਮਲਾਂ ਦੇ ਨਜਦੀਕ ਹੀ ਰੇਲਵੇਂ ਲਾਈਨਾਂ ਤੇ ਧਰਨੇ ਦਿੱਤੇ ਜਾਣਗੇ ਤਾਂ ਜੋ ਇਹਨਾਂ ਪ੍ਰਾਈਵੇਟ ਥਰਮਲਾਂ ਨੂੰ ਹੁੰਦੀ ਕੋਇਲੇ ਦੀ ਸਪਲਾਈ ਠੱਪ ਕਰਨ ਰਾਹੀਂ ਪੰਜਾਬ ਸਰਕਾਰ ਨੂੰ ਸਰਕਾਰੀ ਥਰਮਲ ਪੂਰੇ ਲੋਢ ’ਤੇ ਚਲਾਉਣ ਲਈ ਮਜ਼ਬੂਰ ਕੀਤਾ ਜਾ ਸਕੇ। ਉਹਨਾਂ ਮੰਗ ਕੀਤੀ ਕਿ ਸਰਕਾਰ ਪ੍ਰਾਈਵੇਟ ਤਾਪ ਬਿਜਲੀ ਘਰਾਂ ਨੂੰ ਪੱਠੇ ਪਾਉਣ ਦੀ ਨੀਤੀ ਬੰਦ ਕਰੇ ਅਤੇ ਸਰਕਾਰੀ ਥਰਮਲ ਚਾਲੂ ਕੀਤੇ ਜਾਣ।
ਉਹ ਆਖਿਆ ਕਿ ਜਦੋਂ ਸਰਕਾਰ ਕੋਲ ਸਰਕਾਰੀ ਤਾਪ ਬਿਜਲੀ ਘਰਾਂ ਦੇ ਰੂਪ ’ਚ ਬੁਨਿਆਦੀ ਢਾਂਚਾ ਮੌਜੂਦ ਹੈ ਤਾਂ ਪ੍ਰਾਈਵੇਟ ਥਰਮਲ ਚਲਾਉਣ ਵਾਲੀ ਸਰਕਾਰ ਦੀ ਨੀਤੀ ਕੀ ਤੁਕ ਰਹਿ ਜਾਂਦੀ ਹੈ। ਉਹਨਾਂ ਦੱਸਿਆ ਕਿ ਰਾਜਪੁਰਾ ਥਰਮਲ ਨੂੰ ਜਾਂਦੀ ਲਾਈਨ ਉੱਪਰ ਵੀ ਧਰਨਾ ਸ਼ੁਰੂ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਕਿਸਾਨ ਧਰਨਿਆਂ ਦਾ ਜੋਸ਼ ਬਿਲਕੁਲ ਵੀ ਮੱਠਾ ਨਹੀਂ ਪਿਆ ਬਲਕਿ ਪਹਿਲਾਂ ਕਦੇ ਵੀ ਧਰਨੇ ਮੁਜਾਹਰੇ ’ਚ ਸ਼ਾਮਲ ਨਾਂ ਹੋਣ ਵਾਲੇ ਸਧਾਰਨ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ।
ਉੱਧਰ ਇਸ ਦੌਰਾਨ ਬੀਕੇਯੂ (ਉਗਰਾਹਾਂ) ਨੇ ‘ਕਿਸਾਨ ਅੰਦੋਲਨ’ ਦਾ ਮੂੰਹ ਹੁਣ ਸ਼ਹਿਰਾਂ ਵੱਲ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਇਸ ਮਾਮਲੇ ’ਚ ਅਗਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਲੀਲ ਦਿੱਤੀ ਸੀ ਕਿ ਪੇਂਡੂ ਖੇਤਰਾਂ ਵਿਚ ਅੰਦੋਲਨ ਪੂਰੀ ਤਰਾਂ ਭਖ ਚੁੱਕਾ ਹੈ ਅਤੇ ਹੁਣ ਸ਼ਹਿਰੀ ਇਲਾਕਿਆਂ ਵੱਲ ਮੁਹਾਣ ਕਰਕੇ ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਦੇ ਦੁਕਾਨਦਾਰਾਂ, ਕਿਰਤੀਆਂ ਅਤੇ ਹੋਰ ਵੱਖ ਵੱਖ ਵਰਗਾਂ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਦਸਹਿਰੇ ਤੱਕ ਸ਼ਹਿਰਾਂ ਵਿਚ ਲਾਮਬੰਦੀ ਮੁਹਿੰਮ ਤਹਿਤ ਸ਼ਹਿਰੀ ਖੇਤਰ ਦੇ ਮੁਲਾਜ਼ਮਾਂ, ਟਰੇਡ ਯੂਨੀਅਨਾਂ, ਵਪਾਰੀ ਤਬਕੇ ਅਤੇ ਸ਼ਹਿਰੀਆਂ ਤੱਕ ਪਹੁੰਚ ਦੀ ਯੋਜਨਾ ਵੀ ਉਲੀਕੀ ਗਈ ਹੈ। ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਭਾਜਪਾ ਦਾ ਜ਼ਿਆਦਾ ਸ਼ਹਿਰਾਂ ਵਿੱਚ ਆਧਾਰ ਹੈ ਜਿਸ ਕਰਕੇ ਹੁਣ ਸ਼ਹਿਰੀ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਸਹਿਰੇ ਵਾਲੇ ਦਿਨ ਸ਼ਹਿਰਾਂ ਵਿਚ ਪ੍ਰਧਾਨ ਮੰਤਰੀ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜੇ ਜਾਣਗੇ ਅਤੇ ਭਾਜਪਾ ਆਗੂਆਂ ਦੀ ਘੇਰਾਬੰਦੀ ਕੀਤੀ ਜਾਵੇਗੀ।