← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ,18 ਜਨਵਰੀ 2021:ਕੇਂਦਰ ’ਚ ਸੱਤਾਧਾਰੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਕਾਰਨ ਭਾਰਤੀ ਜੰਤਾ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ’ਚ ਤਾਂ ਕਿਸਾਨਾਂ ਦੇ ਵਿਰੋਧ ਡਰੋਂ ਪਹਿਲਾਂ ਹੀ ਕੋਈ ਆਗੂ ਬੋਲਣ ਨੂੰ ਤਿਆਰ ਨਹੀਂ ਸੀ ਉੱਪਰੋਂ ਸ਼ਹਿਰੀ ਖੇਤਰਾਂ ’ਚ ਨਿੱਤ ਰਸੋਜ ਹੁੰਦੀ ਜਿੰਦਾਬਾਦ ਮੁਰਦਾਬਾਦ ਨੇ ਤਾਂ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਰਗੀ ਸਥਿਤੀ ਬਣਾ ਦਿੱਤੀ ਹੈ। ਹਾਲਾਂਕਿ ਬੀਜੇਪੀ ਸ਼ਹਿਰੀ ਲੋਕਾਂ ਦੀ ਪਾਰਟੀ ਆਖੀ ਜਾਂਦੀ ਹੈ ਪਰ ਹੁਣ ਸ਼ਹਿਰਾਂ ’ਚ ਆਮ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਕਾਰਨ ਤਾਂ ਉਮੀਦਵਾਰ ਉਤਾਰਨ ਦਾ ਵੀ ਸੰਕਟ ਬਣ ਗਿਆ ਹੈ। ਅੱਗਿਓਂ ਪ੍ਰਚਾਰ ਕਰਨਾ ਤਾਂ ਫਿਲਹਾਲ ਦੂਰ ਦੀ ਗੱਲ ਜਾਪਦੀ ਹੈ। ਇਸ ਮਾਮਲੇ ਨੂੰ ਲੈਕੇ ਅੰਦਰੋ ਅੰਦਰੀ ਡਰੇ ਸਥਾਨਕ ਆਗੂ ਕੁੱਝ ਬੋਲਣ ਨੂੰ ਤਿਆਰ ਵੀ ਨਹੀਂ ਹਨ। ਓਧਰ ਤਾਜਾ ਸਥਿਤੀ ਦਾ ਚਿੰਤਨ ਕਰੀਏ ਤਾਂ ਕਿਸਾਨੀ ਸੰਘਰਸ਼ ਨੇ ਖੁਦ ਨੂੰ ਪੰਜਾਬ ਦੀ ਰਾਜਗੱਦੀ ਦੀ ਦਾਅਵੇਦਾਰ ਦੱਸਣ ਵਾਲੀ ਇਸ ਕੌਮੀ ਪਾਰਟੀ ਨੂੰ ਸਿਆਸੀ ਪਿੜ ’ਚ ਵੱਡਾ ਖੋਰਾ ਲਾਇਆ ਹੈ। ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਬਿਗਲ ਵੱਜਣ ਦੇ ਬਾਵਜੂਦ ਇਹਨਾਂ ਦਿਨਾਂ ਪਾਰਟੀ ਦੀਆਂ ਸਰਗਰਮੀਆਂ ਠੱਪ ਵਾਂਗ ਹੋਈਆਂ ਪਈਆਂ ਹਨ। ਖਾਸ ਤੌਰ ਤੇ ਪਾਰਟੀ ਦੇ ਦੋ ਵੱਡੇ ਆਗੂਆਂ ਹਰਜੀਤ ਗਰੇਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਿਸਾਨ ਧਿਰਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਪਾਰਟੀ ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਬਠਿੰਡਾ ’ਚ ਸਾਲ2020 ਦੇ ਅੰਤਲੇ ਮਹੀਨਿਆਂ ’ਚ ਭਾਜਪਾ ਸਮਾਗਮ ’ਚ ਹੋਈ ਭੰਨ ਤੋੜ ਉਪਰੰਤ ਸ਼ਹਿਰੀ ਲੀਡਰਸ਼ਿੱਪ ’ਚ ਚੁੱਪ ਪੱਸਰੀ ਹੋਈ ਹੈ। ਐਤਵਾਰ ਨੂੰ ਮਾਨਸਾ ’ਚ ਤਾਂ ਭਾਜਪਾ ਦੇ ਸੰਖੇਪ ਜਿਹੇ ਸਮਾਗਮ ਮੌਕੇ ਕੀਤੇ ਵਿਰੋਧ ਨੇ ਮੋਹਰੀ ਕਤਾਰ ਦੇ ਆਗੂਆਂ ਨੂੰ ਸੋਚੀਂ ਪਾ ਦਿੱਤਾ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਮਾਲਵੇ ’ਚ ਪਾਰਟੀ ਦੇ ਪੈਰ ਜਮਾਉਣ ਖਾਤਰ ਪੂਰੀ ਤਰਾਂ ਸਰਗਰਮ ਰਹੇ ਆਗੂਆਂ ਨੂੰ ਫਿਲਹਾਲ ਆਪਣਾ ਅਧਾਰ ਬਰਕਰਾਰ ਰੱਖਣਾ ਔਖਾ ਜਾਪ ਰਿਹਾ ਹੈ। ਮਾਹਿਰਾਂ ਦਾ ਦੱਸਣਾ ਹੈ ਕਿ ਕਿਸਾਨ ਜੱਥੇਬੰਦੀਆਂ ਦੇ ਡਰ ਕਾਰਨ ਚੁੱਪ ਬੈਠੇ ਆਗੂਆਂ ਦੀ ਕਾਰਗੁਜਾਰੀ ’ਚ ਆਈ ਖੜੋਤ ਕਾਰਨ ਹਾਲ ਦੀ ਘੜੀ ਨਗਰ ਕੌਂਸਲ ਚੋਣਾਂ ਵਾਲੀ ਬੇੇੜੀ ਕਿਸੇ ਤਣ ਪੱਤਣ ਨਹੀਂ ਲੱਗਦੀ ਨਜ਼ਰ ਨਹੀਂ ਆ ਰਹੀ ਹੈ। ਉਂਜ ਅਕਾਲੀ ਦਲ ਨਾਲ ਭਾਈਵਾਲੀ ਵੇਲੇ ਜਿਵੇਂ ਕਿਵੇਂ ਸਿਆਸੀ ਗੱਡੀ ਰੁੜਦੀ ਆ ਰਹੀ ਸੀ ਪਰ ਗੱਠਜੋੜ ਟੁੱਟਣ ਉਪਰੰਤ ਇਹ ਵੀ ਸਹਾਰਾ ਖੁੱਸ ਗਿਆ ਹੈ। ਉੱਪਰੋਂ ਅਕਾਲੀ ਲੀਡਰਸ਼ਿੱਪ ਭਾਜਪਾ ਆਗੂਆਂ ਨੂੰ ਅਕਾਲੀ ਦਲ ’ਚ ਸ਼ਾਮਲ ਕਰਵਾਉਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ। ਦੱਸਣਯੋਗ ਹੈ ਕਿ ਸਥਿਤੀ ਕਿਹੋ ਜਿਹੀ ਵੀ ਰਹੀ ਹੋਵੇ ਦੋਵੇਂ ਪਾਰਟੀਆਂ ਸਿਆਸੀ ਗੱਡੀ ਰੇਹੜਦੀਆਂ ਆ ਰਹੀਆਂ ਸਨ। ਅਕਾਲੀ ਦਲ ਤਾਂ ਖੇਤੀ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਲੰਮਾਂ ਸਮਾਂ ਮੋਦੀ ਸਰਕਾਰ ਦੇ ਹੱਕ ’ਚ ਭੁਗਤਦਾ ਆ ਰਿਹਾ ਸੀ। ਜਦੋਂ ਤੱਕ ਕਿਸਾਨ ਸੰਘਰਸ਼ ਦਾ ਦਬਾਅ ਨਹੀਂ ਪਿਆ ਉਦੋਂ ਤੱਕ ਵੀ ਅਕਾਲੀ ਦਲ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਸੀ ਪਰ ਸਿਆਸੀ ਮਜਬੂਰੀਆਂ ਦੇ ਡਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫੇ ਦੇ ਦਿੱਤਾ ਅਤੇ ਦੋਵਾਂ ਧਿਰਾਂ ਦੇ ਰਾਹ ਵੱਖ ਹੋ ਗਏ ਜੋ ਬੀਜੇਪੀ ਲਈ ਔਕੜਾਂ ਵਧਾਉਣ ਵਾਲੇ ਹੀ ਸਿੱਧ ਹੋਏ ਹਨ। ਬੀਜੇਪੀ ਦੇ ਇੱਕ ਮੁਕਾਮੀ ਆਗੂ ਨੇ ਆਫ ਦਾ ਰਿਕਾਰਡ ਮੰਨਿਆ ਹੈ ਕਿ ਉਹਨਾਂ ਨੂੰ ਕਾਫੀ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦਮਖਮ ਨਾਲ ਚੋਣਾਂ ਲੜਾਂਗੇ:ਦਿਆਲ ਸੋਢੀ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਭਾਜਪਾ ਦਮ ਖਮ ਨਾਲ ਚੋਣ ਲੜੇਗੀ। ਉਹਨਾਂ ਕਿਹਾ ਕਿ ਅਰਜੀਆਂ ਆ ਰਹੀਆਂ ਹਨ ਤੇ ਜਲਦੀ ਹੀ ਉਮੀਦਵਾਰ ਐਲਾਨੇ ਜਾਣਗੇ। ਉਹਨਾਂ ਦੱਸਿਆ ਕਿ ਮਾਨਸਾ ’ਚ ਵੀ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਉਹਨਾਂ ਦਾਅਵਾ ਕੀਤਾ ਕਿ ਬਠਿੰਡਾ ’ਚ 14 ਵਾਰਡਾਂ ਲਈ ਉਮੀਦਵਾਰ ਤਿਆਰ ਬੈਠੇ ਹਨ । ਦਿੱਕਤ ਤਾਂ ਆ ਰਹੀ ਹੈ: ਰਿਣਵਾ ਭਾਰਤੀ ਜੰਤਾ ਪਾਰਟੀ ਪੰਜਾਬ ਦੇ ਸੂਬਾ ਆਗੂ ਸੰਦੀਪ ਰਿਣਵਾ ਦਾ ਕਹਿਣਾ ਸੀ ਕਿ ਬਠਿੰਡਾ ਤੋਂ ਸੰਗਰੂਰ ਆਦਿ ਇਲਾਕਿਆਂ ’ਚ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾਂਦੇ ਵਿਰੋਧ ਕਾਰਨ ਪਾਰਟੀ ਨੂੰ ਮੁਸ਼ਕਲਾਂ ਦਾ ਸਾਹਮਣਾਂ ਤਾਂ ਹੈ ਹੀ ਫਿਰ ਵੀ ਪਾਰਟੀ ਆਪਣੇ ਪੱਧਰ ਤੇ ਯਤਨ ਕਰ ਰਹੀ ਹੈ। ਉਹਨਾਂ ਮੰਨਿਆ ਕਿ ਪੇਂਡੂ ਖੇਤਰਾਂ ਨਾਲ ਸਬੰਧਤ ਨਗਰ ਪੰਚਾਇਤ ਚੋਣਾਂ ਦੀ ਚੋਣ ਲੜਾਈ ਤਾਂ ਪੂਰੀ ਤਰਾਂ ਔਕੜਾਂ ਵਾਲੀ ਹੈ। ਉਹਨਾਂ ਆਖਿਆ ਕਿ ਅਸਲ ’ਚ ਲੋਕਾਂ ’ਚ ਭਾਜਪਾ ਪ੍ਰਤੀ ਇੱਕ ਧਾਰਨਾ ਜਿਹੀ ਬਣ ਗਈ ਹੈ ਜਿਸ ਨੂੰ ਖਤਮ ਹੋਣ ’ਚ ਸਮਾਂ ਲੱਗੇਗਾ। ਵਿਰੋਧ ਜਾਰੀ ਰਹੇਗਾ:ਬਲਕਰਨ ਬੱਲੀ ਪੰਜਾਬ ਕਿਸਾਨ ਯੂਨੀਅਨ ਦੇ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਮਾਨਸਾ ਵਾਲਿਆਂ ਦਾ ਕਹਿਣਾ ਸੀ ਕਿ ਕਿਸਾਨ ਮੋਰਚੇ ’ਚ ਕਿਸਾਨ ਮਜਦੂਰ ਲਗਾਤਾਰ ਸ਼ਹੀਦ ਹੋ ਰਹੇ ਹਨ ਜਦੋਂਕਿ ਇੲਨਾਂ ਸ਼ਹੀਦੀਆਂ ਲਈ ਜਿੰਮੇਵਾਰ ਭਾਜਪਾ ਨਗਰ ਕੌਂਸਲ ਚੋਣਾਂ ਲਈ ਰੈਲੀਆਂ ਕਰਨ ਤੁਰੀ ਹੈ। ਉਹਨਾਂ ਦੱਸਿਆ ਕਿ ਇਸੇ ਤਹਿਤ ਮਾਨਸਾ ’ਚ ਰੈਲੀ ਕਰਨ ਆਏ ਆਗੂਆਂ ਨੂੰ ਭਜਾਇਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਕਰੇ ਨਹੀਂ ਤਾਂ ਭਾਜਪਾ ਦੇ ਪ੍ਰੋਗਰਾਮਾਂ ਦਾ ਵਿਰੋਧ ਲਗਾਤਾਰ ਜਾਰੀ ਰੱਖਿਆ ਜਾਏਗਾ।
Total Responses : 295