ਮਨਿੰਦਰਜੀਤ ਸਿੱਧੂ
ਜੈਤੋ, 19 ਸਤੰਬਰ 2020 - ਸਥਾਨਕ ਨਹਿਰੂ ਪਾਰਕ ਵਿਖੇ ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਸਾਂਝੀ ਮੀਟਿੰਗ ਸਰਬਜੀਤ ਸਿੰਘ ਅਜਿੱਤ ਗਿੱਲ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਵਿਰੁੱਧ ਪੰਜਾਬ ਦੀਆਂ ਸੰਘਰਸਸ਼ੀਲ ਕਿਸਾਨ ਜਥੇਬੰਦੀਆ ਵਲੋਂ ਦਿੱਤੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 25 ਸਤੰਬਰ ਨੂੰ ਜੈਤੋ ਬਜ਼ਾਰ ਵਿਚ ਮੁਜਾਹਰਾ ਕੀਤਾ ਜਾਵੇਗਾ ਅਤੇ ਉਸ ਉਪਰੰਤ ਜੈਤੋ-ਕੋਟਕਪੂਰਾ ਰੋਡ ਤੇ ਨਵੀ ਦਾਣਾ ਮੰਡੀ ਕੋਲ ਸੂਏ ਦੇੇ ਪੁਲ ਉੱਪਰ ਸੜਕ ਜਾਮ ਕਰਕੇ ਧਰਨਾ ਲਾਇਆ ਜਾਵੇਗਾ। ਜੱਥੇਬੰਦੀ ਦੇ ਆਗੂਆਂ ਨੇ ਇਲਾਕੇ ਦੇ ਸਾਰੇ ਕਿਸਾਨਾਂ, ਦੁਕਾਨਦਾਰਾਂ ਅਤੇ ਹਰ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਇਸ ਬੰਦ ਨੂੰ ਪੂਰਨ ਤੌਰ ਤੇ ਸਫਲ ਬਣਾਇਆ ਜਾਵੇ ।ਇਸ ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤੋ ਇਲਾਵਾ ਜਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ, ਜਗਜੀਤ ਸਿੰਘ ਜੈਤੋ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੈਤੋ, ਸੂਬਾ ਸਿੰਘ ਬਲਰਾਜ ਸਿੰਘ ਗੁਰੂਸਰ ਅਤੇ ਲਖਵਿੰਦਰ ਸਿੰਘ ਹਾਜਰ ਸਨ।