- ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪਾਰਟੀ ਦਾ ਝੰਡਾ ਲਹਿਰਾਉਂਦਿਆਂ ਵੇਖ ਖੁਸ਼ੀ ਹੋਈ
- ਅਕਾਲੀ ਦਲ ਨੇ ਉਹੀ ਕੀਤਾ ਜਿਸਦੀ ਇਸ ਤੋਂ ਆਸ ਕੀਤੀ ਜਾਂਦੀ ਹੈ
- ਬਾਦਲ ਨੇ ਦਲੇਰਾਨਾ ਤੇ ਸਿਧਾਂਤਕ ਸਟੈਂਡ ਲੈਣ ਲਈ ਕੋਰ ਕਮੇਟੀ ਨੂੰ ਦਿੱਤੀ ਵਧਾਈ
- ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਦੇ ਹਿੱਤਾਂ ਵਾਸਤੇ ਵਜ਼ੀਰੀ ਤਿਆਗਣ ਦੀ ਵੀ ਕੀਤੀ ਸ਼ਲਾਘਾ
- ਅਕਾਲੀ ਦਲ ਕਦੇ ਵੀ ਕਿਸਾਨ ਵਿਰੋਧੀ ਕਿਸੇ ਫੈਸਲੇ ਦਾ ਹਿੱਸਾ ਨਹੀਂ ਹੋ ਸਕਦਾ : ਬਾਦਲ
ਚੰਡੀਗੜ੍ਹ, 19 ਸਤੰਬਰ 2020 - ਅਕਾਲੀ ਦਲ ਦੇ ਘਾਗ ਆਗੂ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਦੇ ਕਸੂਤੇ ਫਸੇ ਕਿਸਾਨਾਂ ਨੂੰ ਬਚਾਉਣ ਵਾਸਤੇ ਲਏ ਮਜ਼ਬੂਤ ਤੇ ਸਿਧਾਂਤਕ ਸਟੈਂਡ 'ਤੇ ਬੇਹੱਦ ਤਸੱਲੀ ਤੇ ਮਾਣ ਮਹਿਸੂਸ ਕੀਤਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਾਦਲ ਨੇ ਕਿਹਾ ਕਿ "ਮੈਨੂੰ ਖੁਸ਼ੀ ਤੇ ਮਾਣ ਹੈ ਕਿ ਜਦੋਂ ਵੀ ਲੋੜ ਪਈ ਤਾਂ ਮੇਰੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਤੇ ਸਮਾਜ ਦੇ ਹੋਰ ਦਬੇ ਕੁਚਲੇ ਵਰਗਾਂ ਲਈ ਨਿਆਂ ਦਾ ਝੰਡਾ ਬੁਲੰਦ ਕੀਤਾ ਹੈ। ਇਹ ਝੰਡਾ ਅਕਾਲੀ ਦਲ ਦੇ ਸਭਿਆਚਾਰ ਤੇ ਮੁਹਿੰਮਾਂ ਦੀ ਪਛਾਣ ਹੈ ਤੇ ਇਹ ਹਮੇਸ਼ਾ ਲਹਿਰਾਉਂਦਾ ਹੋਇਆ ਬਹੁਤ ਮਾਣਮੱਤਾ ਮਹਿਸੂਸ ਹੈ।"
ਸ੍ਰੀ ਬਾਦਲ ਨੇ ਕਿਹਾ ਕਿ "ਕਿਸਾਨਾਂ ਦੇ ਮੁੱਦੇ ਹਮੇਸ਼ਾ ਕੌਮੀ ਹਿੱਤਾਂ ਨਾਲ ਜੁੜੇ ਹੁੰਦੇ ਹਨ। ਖੇਤੀਬਾੜੀ ਸਾਡੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਕਿਸਾਨ ਤੇ ਖੇਤੀਬਾੜੀ ਅਰਥਚਾਰਾ ਮਾਰ ਸਹਿੰਦਾ ਹੈ ਤਾਂ ਫਿਰ ਵਪਾਰ ਤੇ ਉਦਯੋਗ ਸਮੇਤ ਸਾਰਾ ਅਰਥਚਾਰਾ ਮਾਰ ਹੇਠ ਆ ਜਾਂਦਾ ਹੈ। ਉਹਨਾਂ ਕਿਹਾ ਕਿ ਅਕਾਲੀਆਂ ਦਾ ਹਮੇਸ਼ਾ ਅਹੁਦਿਆਂ ਦੀ ਖਿੱਚ ਤਿਆਗਣ ਤੇ ਸਿਧਾਂਤਾਂ ਲਈ ਡੱਟਣ ਦਾ ਇਤਿਹਾਸ ਰਿਹਾ ਹੈ। ਅਹੁਦਿਆਂ ਦੀ ਖਿੱਚ ਇਕ ਅਕਾਲੀ ਲਈ ਕੁਝ ਵੀ ਨਹੀਂ। ਅਣਗਿਣਤ ਵਾਰ ਜਿਵੇਂ ਕਿ ਐਮਰਜੰਸੀ ਦੌਰਾਨ ਅਸੀਂ ਬੇਇਨਸਾਫੀ ਖਿਲਾਫ ਚੁੱਪ ਰਹਿਣ ਦੀ ਕੀਮਤ ਵਜੋਂ ਕੀਤੀ ਅਹੁਦਿਆਂ ਦੀ ਪੇਸ਼ਕਸ਼ ਹਮੇਸ਼ਾ ਠੁਕਰਾਈ ਹੈ। ਪਰ ਅਸੀਂ ਇਹ ਅਹੁਦੇ ਠੁਕਰਾ ਕੇ ਹਮੇਸ਼ਾ ਦੇਸ਼ ਤੇ ਸਿਧਾਂਤਾਂ ਲਈ ਡਟੇ ਹਾਂ ਤੇ ਇਸ ਲਈ ਜੇਲ•ਾਂ ਵਿਚ ਡੱਕੇ ਗਏ ਹਾਂ। ਰਵਾਇਤ ਹਮੇਸ਼ਾ ਜਿਉਂਦੀ ਰਹਿੰਦੀ ਹੈ।"
ਬਾਦਲ ਨੇ ਕੇਂਦਰ ਸਰਕਾਰ ਵਿਚੋਂ ਬਾਹਰ ਆਉਣ ਤੇ ਕਿਸਾਨਾਂ ਲਈ ਡੱਟਣ ਦੇ ਫੈਸਲੇ ਨੂੰ ਪਾਰਟੀ ਦੇ ਸਿਧਾਂਤਾਂ ਲਈ ਡੱਟਣ ਦੇ ਲੰਬੇ ਇਤਿਹਾਸ ਦਾ ਇਕ ਮਾਣਮੱਤਾ ਤੇ ਇਤਿਹਾਸਕਪਲ ਕਰਾਰ ਦਿੱਤਾ ਤੇ ਕਿਹਾ ਕਿ ਜਦੋਂ ਵੀ ਲਕੀਰ ਖਿੱਚੀ ਜਾਂਦੀ ਹੈ ਤੇ ਪਾਰਟੀ ਹਮੇਸ਼ਾ ਲੋਕਾਂ ਵੱਲ ਹੁੰਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਿਸਾਨਾਂ ਦੀ ਦਸ਼ਾ ਬਹੁਤ ਤਰਸਯੋਗ ਬਣੀ ਹੋਈ ਹੈ। ਜਦੋਂ ਵੀ ਦੇਸ਼ ਨੂੰ ਸੋਕਾ ਪੈਣ ਦਾ ਸਾਹਮਣਾ ਕਰਨਾ ਤੇ ਇਹ ਹੋਰ ਦੇਸ਼ਾਂ 'ਤੇ ਨਿਰਭਰ ਹੋਇਆ ਤਾਂ ਪੰਜਾਬ ਦੇ ਕਿਸਾਨ ਹਮੇਸ਼ਾ ਦੇਸ਼ ਦੇ ਬਚਾਅ ਵਿਚ ਆਏ ਹਨ। ਉਹਨਾਂ ਨੇ ਅਜਿਹਾ ਕਰਨ ਵੇਲੇ ਆਪਣੇ ਕੁਦਰਤੀ ਸਰੋਤ ਪਾਣੀ ਦੇ ਪੱਧਰ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਕੁਰਬਾਨ ਕਰ ਦਿੱਤੀ। ਹੁਣ ਕਿਸਾਨਾਂ ਲਈ ਖੜ੍ਹਨ ਦੀ ਵਾਰੀ ਦੇਸ਼ ਦੀ ਹੈ।
ਬਾਦਲ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਲੱਖਣ ਤੇ ਮਾਣ ਮੱਤਾ ਵਿਰਸਾ ਅੱਗੇ ਲਿਜਾਇਆ ਜਾਵੇਗਾ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਡੱਟ ਕੇ ਖੜ੍ਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਦਾ ਦਬੇ ਕੁਚਲਿਆਂ, ਲੋੜਵੰਦਾਂ ਤੇ ਲੁੱਟੀਆਂ ਖਸੁੱਟੀਆਂ ਗਈਆਂ ਜਮਾਤਾਂ ਦੇ ਲਈ ਲੜਨ ਦਾ ਮਾਣ ਮੱਤੇ ਤੇ ਸਦੀ ਪੁਰਾਣਾ ਵਿਰਸਾ ਸੁਰੱਖਿਅਤ ਹੱਥਾਂ ਵਿਚ ਹੈ। ਅਕਾਲੀ ਦਲ ਨੇ ਹਮੇਸ਼ਾ ਸਹੀ ਅਧਿਕਾਰਾਂ ਦੀ ਰਾਖੀ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ ਦੀਆਂ ਪੰਥਕ ਰਵਾਇਤਾਂ ਨੂੰ ਬੁਲੰਦ ਰੱਖਿਆ ਹੈ ਅਤੇ ਸਾਡੀ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਸਤੇ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਮਗਰੋਂ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਰਵਾਇਤ ਮਜ਼ਬੂਤੀ ਨਾਲ ਤੇ ਬਿਨਾਂ ਕਿਸੇ ਸਮਝੌਤੇ 'ਤੇ ਅੱਗੇ ਲਿਜਾਈ ਜਾਵੇਗੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿਚ ਇਕਲੌਤੀ ਪ੍ਰਤੀਨਿਧ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦੇ ਉਸ ਲਈ ਕੋਈ ਵੀ ਚੀਜ਼ ਸਿਧਾਂਤਾਂ ਅਤੇ ਲੋਕਾਂ ਖਾਸ ਤੌਰ 'ਤੇ ਕਿਸਾਨਾਂ, ਖੇਤ ਮਜ਼ਬੂਤਾਂ ਤੇ ਹੋਰ ਗਰੀਬ ਵਰਗਾਂ, ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ, ਦੇ ਹਿੱਤਾਂ ਨਾਲੋਂ ਵੱਧ ਕੇ ਨਹੀਂ ਹੈ। ਉਹਨਾਂ ਕਿਹਾ ਕਿ ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਮੇਰੀ ਪਾਰਟੀ ਦੇ ਇਸ ਫੈਸਲੇ ਤੋਂ ਮੈਂ ਕਿੰਨੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ।
ਬਾਦਲ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਲਈ ਦਲੇਰੀ ਨਾਲ ਬੋਲਣ ਤੇ ਉਹਨਾਂ ਨਾਲ ਉਹਨਾਂ ਦੀ 'ਭੈਣ ਤੇ ਧੀ' ਵਜੋਂ ਖੜ੍ਹੇ ਹੋਣ ਦਾ ਵਾਅਦਾ ਕਰਨ ਦੀ ਵੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸੇ ਦੀ ਆਸ ਲੋਕ ਅਕਾਲੀ ਲੀਡਰਸ਼ਿਪ ਤੋਂ ਕਰਦੇ ਹਨ ਤੇ ਮੈਨੂੰ ਇਸ 'ਤੇ ਬਹੁਤ ਤਸੱਲੀ ਹੈ ਤੇ ਮਾਣ ਹੈ ਕਿ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਲੋਕਾਂ ਖਾਸ ਤੌਰ 'ਤੇ ਕਿਸਾਨਾਂ ਦੀਆਂ ਆਸਾਂ 'ਤੇ ਇਸ ਲੋੜ ਵੇਲੇ ਖਰੀ ਉਤਰੀ ਹੈ। ਸ੍ਰੀ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਨੂੰ ਵੀ ਇਸ ਦਲੇਰਾਨਾ, ਇਤਿਹਾਸ ਤੇ ਸਿਧਾਂਤਕ ਸਟੈਂਡ ਦੀ ਵਧਾਈ ਦਿੱਤੀ ਤੇ ਉਸਦੀ ਸ਼ਲਾਘਾ ਕੀਤੀ।
ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਜਿਣਸ ਦੇ ਮੰਡੀਕਰਣ ਵਾਸਤੇ ਕਾਨੂੰਨ ਵਾਸਤੇ ਜ਼ਿਆਦਾ ਵਿਸਥਾਰਿਤ ਸਲਾਹ ਮਸ਼ਵਰਾ ਹੋਣਾ ਚਾਹੀਦਾ ਸੀ ਖਾਸ ਤੌਰ 'ਤੇ ਕਿਸਾਨਾਂ ਤੇ ਹੋਰ ਹਿੱਸੇਦਾਰਾਂ ਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀ ਜੋ ਹਮੇਸ਼ਾ ਕਿਸਾਨਾਂ ਦੀ ਆਵਾਜ਼ ਰਹੀਆਂ ਨਾਲ ਇਸਦੀ ਚਰਚਾ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਲੋਕਾਂ ਦੇ ਇਕ ਹੰਢੇ ਹੋਏ ਪ੍ਰਤੀਨਿਧ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀਆਂ ਭਾਵਨਾਵਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਤੇ ਉਸਨੂੰ ਮਨਾਉਣ ਤੇ ਇਹ ਬਿੱਲ ਕਿਸਾਨਾਂ ਨਾਲ ਸਲਾਹ ਮਸ਼ਵਰੇ ਵਾਸਤੇ ਸੰਸਦ ਮੈਂਬਰਾਂ ਦੀ ਸਰਬ ਪਾਰਟੀ ਸਲੈਕ ਕਮੇਟੀ ਕੋਲ ਭੇਜਣ ਲਈ ਪੂਰਾ ਜ਼ੋਰ ਲਗਾਇਆ। ਉਹਨਾਂ ਕਿਹਾ ਕਿ ਪਾਰਟੀ ਨੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਣ ਵਾਸਤੇ ਕੋਈ ਢੁਕਵਾਂ ਹੱਲ ਕੱਢੇ ਜਾਣ ਲਈ ਪੁਲ ਵਜੋਂ ਕੰਮ ਕਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਜਦੋਂ ਅਜਿਹਾ ਸੰਭਵ ਨਜ਼ਰ ਨਹੀਂ ਅਇਆ ਤਾਂ ਫਿਰ ਇਕ ਲਕੀਰ ਖਿੱਚਣੀ ਪਈ ਤੇ ਸ਼੍ਰੋਮਣੀ ਅਕਾਲੀ ਦਲ ਲਕੀਰ ਦੇ ਸਹੀ ਪਾਸੇ ਨਜ਼ਰ ਆਇਆ ਤੇ ਉਸਨੇ ਉਹੀ ਕੀਤਾ ਜੋ ਕਿ ਮਾਣ ਭਰਿਆ ਵਿਰਸਾ ਮੰਗ ਕਰਦਾ ਹੈ, ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੋਵੇ।
ਬਾਦਲ ਨੇ ਸਮੂਹ ਪੰਜਾਬੀਆਂ ਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਨਿਆਂ ਲਈ ਇਸ ਸੰਘਰਸ਼ ਵਿਚ ਕਿਸਾਨਾਂ ਦਾ ਡੱਟ ਕੇ ਸਾਥ ਦੇਣ।