ਅਸ਼ੋਕ ਵਰਮਾ
ਜਲੰਧਰ; 21 ਸਤੰਬਰ 2020 : ਮੋਦੀ ਦੇ ਲੋਕ ਮਾਰੂ, ਕਿਸਾਨ ਵਿਰੋਧੀ-ਖਪਤਕਾਰ ਵਿਰੋਧੀ ਕਾਨੂੰਨਾਂ ਖਿਲਾਫ਼ ਪੰਜਾਬ ਦੀਆਂ 30 ਤੋਂ ਵਧੇਰੇ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਗਏ 25 ਸਤੰਬਰ ਦੇ 'ਪੰਜਾਬ ਬੰਦ' ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸੈਂਟਰ ਫਾਰ ਟਰੇਡ ਯੂਨੀਅਨਜ਼ ਪੰਜਾਬ (ਸੀ.ਟੀ.ਯੂ. ਪੰਜਾਬ) ਪੂਰਾ ਤਾਣ ਲਾਵੇਗੀ।
ਇਹ ਜਾਣਕਾਰੀ ਅੱਜ ਇੱਕ ਬਿਆਨ ਰਾਹੀਂ ਸੀ ਟੀ ਯੂ ਪੰਜਾਬ ਦੇ ਪ੍ਰਧਾਨ ਸਾਥੀ ਵਿਜੈ ਮਿਸ਼ਰਾ, ਜਨਰਲ ਸਕੱਤਰ ਸਾਥੀ ਨੱਥਾ ਸਿੰਘ ਡਡਵਾਲ ਅਤੇ ਵਿੱਤ ਸਕੱਤਰ ਸਾਥੀ ਸ਼ਿਵ ਕੁਮਾਰ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ 25 ਸਤੰਬਰ ਨੂੰ ਹੋਣ ਵਾਲੇ ਸੂਬਾ ਵਿਆਪੀ ਕਿਸਾਨ ਐਕਸ਼ਨਾਂ ਵਿੱਚ ਸਨਅਤੀ ਕਾਮੇ, ਉਸਾਰੀ ਕਿਰਤੀ, ਭੱਠਾ ਮਜ਼ਦੂਰ ਅਤੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਇਸਤਰੀਆਂ ਤੇ ਹੋਰ ਕੰਮਕਾਜੀ ਔਰਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਟਰੇਡ ਯੂਨੀਅਨ ਆਗੂਆਂ ਨੇ ਦਸਿਆ ਕਿ ਉਕਤ ਐਕਸ਼ਨਾਂ ਦੀ ਕਾਮਯਾਬੀ ਲਈ ਗੇਟ ਮੀਟਿੰਗਾਂ, ਰੈਲੀਆਂ, ਚੇਤਨਾ ਮਾਰਚਾਂ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ।
ਬਿਆਨ ਰਾਹੀਂ ਸੂਬੇ ਦੇ ਸਮੂਹ ਕਿਰਤੀਆਂ ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਬੰਧਤ ਲੋਕਾਂ ਨੂੰ ਬੰਦ ਦੇ ਸੱਦੇ ਦੇ ਹੱਕ ਵਿੱਚ ਨਿੱਤਰਨ ਦੀ ਅਪੀਲ ਵੀ ਕੀਤੀ ਗਈ ਹੈ।
ਇਸੇ ਦੌਰਾਨ ਇੱਕ ਬਿਆਨ ਰਾਹੀਂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ, ਕੈਸ਼ੀਅਰ ਜਨਕ ਰਾਜ ਅਤੇ ਸਕੱਤਰ ਸਾਥੀ ਗੁਰਦੀਪ ਸਿੰਘ ਕਲਸੀ, ਲਾਲ ਝੰਡਾ ਪੰਜਾਬ ਭੱਠਾ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸੁਖਦੇਵ ਸਿੰਘ ਗੋਹਲਵੜ ਅਤੇ ਪੰਜਾਬ ਘਰੇਲੂ ਵਰਕਰਜ਼ ਯੂਨੀਅਨ ਦੇ ਮੁੱਖ ਸਲਾਹਕਾਰ ਸਾਥੀ ਸੁਭਾਸ਼ ਸ਼ਰਮਾ ਨੇ ਵੀ ਹੱਕੀ ਕਿਸਾਨ ਸੰਗਰਾਮ ਅਤੇ 25 ਸਤੰਬਰ ਦੇ ਪੰਜਾਬ ਬੰਦ ਨੂੰ ਡਟਵੀਂ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ।