ਅਸ਼ੋਕ ਵਰਮਾ
ਬਠਿੰਡਾ, 23 ਸਤੰਬਰ 2020 - ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਬਿੱਲ ਵਾਪਿਸ ਲੈਣ ਦੀ ਨਸੀਹਤ ਦਿੱਤੀ ਅਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਸਲਾਹਿਆ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਆਖਿਆ ਕਿ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ ਇਸ ਲਈ ਆਰਡੀਨੈਂਸ ਵਾਪਸ ਲੈ ਲੈਣੇ ਚਾਹੀਦੇ ਹਨ। ਦਸ ਸਾਲ ਭਾਜਪਾ ਨਾਲ ਪੰਜਾਬ ਦੀ ਸੱਤਾ ਮਾਨਣ ਅਤੇ ਭਾਜਪਾਈਆਂ ਨਾਲ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਦਲ ਦਾ ਅੱਜ ਮੋਦੀ ਸਰਕਾਰ ਪ੍ਰਤੀ ਵਤੀਰਾ ਸਖਤ ਦਿਖਾਈ ਦਿੱਤਾ। ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕਿ ਜਿੰਨ੍ਹਾਂ ਦੀ ਭਲਾਈ ਦੱਸ ਕੇ ਆਰਡੀਨੈਂਸ ਦੱਸ ਕੇ ਪਾਸ ਕੀਤੇ ਗਏ ਹਨ ਜਦੋਂ ਉਹ ਹੀ ਖੁਸ਼ ਨਹੀਂ ਤਾਂ ਫਿਰ ਇੰਨਾਂ ਦੀ ਕੀ ਤਕ ਰਹਿ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਿੱਤ ਵਿੱਚ ਲੜਾਈ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਵੱਡੀ ਗੱਲ ਹੈ । ਉਨ੍ਹਾਂ ਦੋਸ਼ ਲਾਏ ਕਿ ਆਰਡੀਨੈਂਸ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਲੈ ਕੇ ਆਏ ਸਨ ਜਿਸ ਦਾ ਉਸ ਸਮੇਂ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਅਤੇ ਰਾਜ ਸਭਾ ਵਿੱਚ ਅਰੁਣ ਜੇਤਲੀ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਖੁਦ ਕੈਪਟਨ ਸਰਕਾਰ ਨੇ ਆਰਡੀਨੈਂਸਾਂ ਦੇ ਹੱਕ ’ਚ ਗੱਲ ਕੀਤੀ ਹੈ ਫਿਰ ਹੁਣ ਵਿਰੋਧ ਕਿਸ ਮੂੰਹ ਨਾਲ ਹੈ। ਉਨ੍ਹਾਂ ਕਿਹਾ ਕਿ ਅਸਤੀਫਾ ਦੇ ਕੇ ਅਕਾਲੀ ਦਲ ਨੇ ਕਿਸਾਨਾਂ ਨਾਲ ਖੜਨ ਦੀ ਗੱਲ ਸਾਬਤ ਕਰ ਦਿੱਤੀ ਹੈ । ਮਲੂਕਾ ਨੇ ਸੁਨੀਲ ਜਾਖੜ ਵੱਲੋਂ ਦੋਗਲੀ ਨੀਤੀ ਅਪਣਾਉਣ ਦੇ ਲਾਏ ਦੋਸ਼ਾਂ ਨੂੰ ਬੇਤੁਕੀ ਬਿਆਨਬਾਜੀ ਦੱਸਿਆ।
ਉਨ੍ਹਾਂ ਕਿਹਾ ਕਿ 90 ਫੀਸਦੀ ਕਾਂਗਰੀਸੀ ਤਾਂ ਜਾਖੜ ਨੂੰ ਪਸੰਦ ਵੀ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਗੱਲਜੋੜ ਬਾਰੇ ਜਾਖੜ ਦੇ ਕਹਿਣ ਤੇ ਨਹੀਂ ਪਾਰਟੀ ਦੀ ਕੋਰ ਕਮੇਟੀ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਦੀ ਹਮਾਇਤ ਕਰਨ ਵਾਲੀ ਸ਼ਿਵ ਸੈਨਾਂ ਨਾਂਲੋਂ ਮਹਾਂਰਾਸ਼ਟਰ ’ਚ ਕਾਂਗਰਸ ਨੂੰ ਨਾਤਾ ਤੋੜਨਾ ਚਾਹੀਦਾ ਹੈ। ਮਲੂਕਾ ਨੇ ਆਮ ਆਦਮੀ ਪਾਰਟੀ ਨੂੰ ਬਰਸਾਤੀ ਡੱਡੂ ਦੱਸਿਆ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੇ ਹਨ । ਉਨ੍ਹਾਂ ਦੱਸਿਆ ਕਿ ਇੱਕ ਅਕਤੂਬਰ ਨੂੰ ਤਿੰਨ ਤਖਤ ਸਾਹਿਬਾਨਾਂ ਤੋਂ ਅਕਾਲੀ ਦਲ ਦੇ ਵਰਕਰ ਟਰੈਕਟਰਾਂ ਤੇ ਚੰਡੀਗੜ ਜਾਣਗੇ ਅਤੇ ਗਵਰਨਰ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਸਰੂਪ ਸਿਗਲਾ, ਚਮਕੌਰ ਸਿੰਘ ਮਾਨ, ਰਤਨ ਸ਼ਰਮਾ ਅਤੇ ਡਾ ਉਮ ਪ੍ਕਾਸ਼ ਸ਼ਰਮਾਂ ਆਦਿ ਹਾਜਰ ਸਨ।