ਅਸ਼ੋਕ ਵਰਮਾ
ਬਠਿੰਡਾ, 24 ਸਤੰਬਰ 2020 - ਬਾਦਲ ਮੋਰਚੇ ਚੋਂ ਵਾਪਿਸ ਘਰਾਂ ਨੂੰ ਪਰਤਦਿਆਂ ਪਿਡ ਕੋਟਫੱਤਾ ’ਚ ਵਾਪਰੇ ਸੜਕ ਹਾਦਸੇ ’ਚ ਪਿੰਡ ਕਿਸ਼ਨਗੜ ਦੇ ਕਿਸਾਨ ਮੁਖਤਿਆਰ ਸਿੰਘ ਦੀ ਮੌਤ ਨੂੰ ਲੈਕੇ ਬਠਿੰਡਾ ਪ੍ਰਸ਼ਾਸਨ ਅਤੇ ਕਿਸਾਨਾਂ ’ਚ ਸਿੰਗ ਫਸ ਗਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਦਾ ਮੁਆਵਜਾ , ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜਾ ਮਾਫ ਕੀਤਾ ਜਾਵੇ ਜਖਮੀਆਂ ਦਾ ਇਲਾਜ ਵਧੀਆ ਹਸਪਤਾਲ ਵਿਚ ਮਾਹਰ ਡਾਕਟਰਾਂ ਤੋਂ ਕਰਵਾਉਣ ਅਤੇ ਉਨਾਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਬਠਿੰਡਾ ਰੇਂਜ ਦੇ ਆਈਜੀ ਤੇ ਐਸਸਪੀ ਨਾਲ ਇਸ ਸਬੰਧੀ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਅੱਜ ਅਧਿਕਾਰੀਆਂ ਦੇ ਵਤੀਰੇ ਨੂੰ ਦੇਖਦਿਆਂ ਕਿਸਾਨ ਯੂਨੀਅਨ ਨੇ ਮਾਨਸਾ ਰੋਡ ਫਲਾਈਓਵਰ ਜਾਮ ਕਰ ਦਿੱਤਾ ਜਿਸ ਨੂੰ 25 ਸਤੰਬਰ ਦੇ ਬੰਦ ਨੂੰ ਦੇਖਦਿਆਂ ਖੋਹਲ ਦਿੱਤਾ ਅਤੇ ਕਿਸਾਨ ਦਾ ਮਾਮਲਾ ਪੈਂਡਿੰਗ ਰੱਖ ਲਿਆ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਨਾਲ ਅਤੇ ਮਾਨਸਾ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਦਾ ਕਹਿਣਾ ਸੀ ਕਿ ਕੱਲ ਤੇ ਅੱਜ ਵੀ ਆਈ ਜੀ ਬਠਿੰਡਾ ਰੇਂਜ ਤੇ ਹੋਰ ਅਫਸਰਾਂ ਨਾਲ ਕਿਸਾਨ ਆਗੂਆਂ ਸ਼ਿੰਗਾਰਾ ਸਿੰਘ ਮਾਨ, ਜਸਵੀਰ ਸਿੰਘ ਬੁਰਜਸੇਮਾ, ਜੋਗਿੰਦਰ ਸਿੰਘ ਦਿਆਲਪੁਰਾ ਅਤੇ ਅਮਰੀਕ ਸਿੰਘ ਕਿਸ਼ਨਗੜ ਦੇ ਵਫਦ ਦੀਆਂ ਮੀਟਿੰਗਾਂ ਹੋਈ ਜਿਸ ’ਚ ਇਹ ਮੰਗਾਂ ਰੱਖੀਆਂ ਗਈਆਂ ਸਨ। ਉਨਾਂ ਦੱਸਿਆ ਕਿ ਅਧਿਕਾਰੀਆਂ ਨੇ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਕੇਸ ’ਚ ਸਰਕਾਰ ਵੱਲੋਂ ਕੋਈ ਮੁਆਵਜਾ ਨਹੀਂ ਦਿੱਤਾ ਜਾ ਸਕਦਾ ਹੈ ਜਦੋਂਕਿ ਕਿਸਾਨਾਂ ਦਾ ਹਾਲ ਚਾਲ ਪੁੱਛਣ ਆਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਕਾਂਗੜ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਸਾਨਾਂ ਨੂੰ ਮੁਆਵਜਾ ਦੇਣ ਦਾ ਐਲਾਨ ਕੀਤਾ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਵਫਦ ਨੇ 2018 ਵਿਚ ਮਾਨਸਾ ਜਿਲੇ ਦੇ ਹੀ ਕਿਸਾਨਾਂ ਦੀ ਚੰਡੀਗੜ ਰੈਲੀ ਤੋਂ ਵਾਪਸੀ ਦੌਰਾਨ ਸੜਕ ਹਾਦਸੇ ਦੌਰਾਨ ਮੌਤ ਹੋਣ ਤੇ ਮੁਆਵਜੇ ਵਜੋਂ 10 ਲੱਖ ਰੁਪਏ ਅਤੇ ਜਖਮੀਆਂ ਨੂੰ ਇਕ-ਇਕ ਲੱਖ ਰਪਏ ਸਰਕਾਰ ਵੱਲੋਂ ਮੁਆਵਜਾ ਦਿੱਤੇ ਜਾਣ ਦੀ ਉਦਾਹਰਨ ਦੀ ਦਿੱਤੀ ਸੀ।
ਉਨਾਂ ਦੱਸਿਆ ਕਿ ਇਸ ਦੇ ਬਾਵਜੂਦ ਅਧਿਕਾਰੀ ਆਪਣੀ ਗੱਲ ਤੇ ਅੜੇ ਰਹੇ ਜਿਸ ਨੂੰ ਦੇਖਦਿਆਂ ਅੱਜ ਫਿਰ ਮਾਨਯਾ ਰੋਡ ਓਵਰਬਰਿੱਜ ਤੇ ਕਿਸਾਨਾਂ ਨੇ ਜਾਮ ਲਾਇਆ ਾੀ ਜਿਸ ਨੂੰ ਸੰਘਰਸ਼ ਦੇ ਵਡੇਰੇ ਹਿੱਤਾਂ ਨੂੰ ਦੇਖਦਿਆਂ ਖੋਹਲ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਦੱਸਿਆ ਕਿ ਬੰਦ ਉਪਰੰਤ ਇਸ ਮਾਮਲੇ ਨੂੰ ਲੈਕੇ ਵੱਡਾ ਸੰਘਰਸ਼ ਵਿੱਢਿਆ ਜਾਏਗਾ ਤਾਂ ਜੋ ਪ੍ਰਸ਼ਾਸ਼ਨ ਨੂੰ ਮਸਲਾ ਹੱਲ ਕਰਨ ਲਈ ਮਜਬੂਰ ਕੀਤਾ ਜਾ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਦਾ ਧੱਕੜ ਰਵਈਆ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅੱਜ ਦੇ ਧਰਨੇ ਨੂੰ ਬਲਜੀਤ ਸਿੰਘ ਪੂਹਲਾ ,ਵੀਰਾ ਸਿੰਘ ਗਿੱਦੜ, ਅਜੈ ਪਾਲ ਸਿੰਘ ਘੁੱਦਾ, ਰਾਮ ਸਿੰਘ ਕੋਟ ਗੁਰੂ , ਅਮਰੀਕ ਸਿੰਘ ਘੁੱਦਾ ਅਤੇ ਨਗੌਰਾ ਸਿੰਘ ਨੇ ਵੀ ਸੰਬੋਧਨ ਕੀਤਾ।