ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ 2020-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਡੀਨੈਂਸਾਂ ਖ਼ਿਲਾਫ਼ ਕਿਸਾਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਬੰਦ ਦਾ ਭਰਵਾਂ ਅਸਰ ਵਿਖਾਈ ਦਿੱਤਾ। ਪੂਰੇ ਜ਼ਿਲ੍ਹੇ ਵਿਚ ਸਾਰੇ ਵਪਾਰਿਕ ਅਦਾਰੇ ਮੁਕੰਮਲ ਤੌਰ ਤੇ ਬੰਦ ਨਜ਼ਰ ਆਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਿਹਾ।
ਕਿਸਾਨ ਜਥੇਬੰਦੀਆਂ ਵੱਲੋਂ ਆੜਤੀਆਂ, ਮਜਦੂਰ, ਮੁਲਾਜਮ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਮਾਰਗ ਤੇ ਪਿੰਡ ਉਦੇਕਰਨ ਕੋਲ 10 ਵਜੇ ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਧਰਨੇ ਦੌਰਾਨ ਜਿਥੇ ਵੱਡੀ ਗਿਣਤੀ ’ਚ ਕਿਸਾਨ ਪਹੁੰਚੇ ਉੱਥੇ ਹੀ ਆੜਤੀਆਂ, ਮਜਦੂਰ ਅਤੇ ਮੁਲਾਜਮ ਵਰਗ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਹਾਜ਼ਰੀ ਲਵਾਈ। ਆਪਣੇ ਸੰਬੋਧਨ ਦੌਰਾਨ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਆਰਡੀਨੈਸ ਹਰ ਵਰਗ ਦੇ ਵਿਰੋਧੀ ਹਨ। ਉਹਨਾਂ ਕਿਹਾ ਕਿ ਇਹਨਾਂ ਆਰਡੀਨੈਸ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਅਤੇ ਸੰਘਰਸ਼ ਨੰੂ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਇਲਾਕੇ ਵਿਚ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਜਿੱਥੇ ਅੱਜ ਹਲਕਾ ਪੱਧਰ ਤੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਧਰਨੇ ਦਿੱਤੇ ਉਥੇ ਹੀ ਰੋਸ ਵਜੋਂ ਪਿੰਡਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਕੱਚਾ ਆੜ੍ਹਤੀਆ ਐਸੋਸ਼ੀਏਸ਼ਨ, ਮਜਦੂਰ ਜਥੇਬੰਦੀਆਂ, ਮੁਲਾਜਮ ਜਥੇਬੰਦੀਆਂ, ਆਂਗਣਵਾੜੀ ਵਰਕਰਾਂ, ਪੈਨਸ਼ਨਰਜ਼ ਆਦਿ ਨੇ ਕਿਸਾਨਾਂ ਨੰੂ ਪੂਰਾ ਸਹਿਯੋਗ ਦਿੱਤਾ। ਵਰਣਨਯੋਗ ਹੈ ਕਿ ਕਿਸਾਨਾਂ ਦੇ ਧਰਨਿਆਂ ਵਿੱਚ ਆੜ੍ਹਤੀਏ ਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਧਰਨੇ ’ਚ ਪੁੱਜੇ ਕਿਸਾਨਾਂ ਤੇ ਹੋਰ ਲੋਕਾਂ ਲਈ ਲੰਗਰ, ਪਾਣੀ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ।