ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2020 - ਖੇਤੀ ਬਿੱਲ ਪਾਸ ਕਰਨ ਦੇ ਮਾਮਲੇ ਤੇ ਕਿਸਾਨ ਆਗੂ ਦੀ ਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੇਵਲ ਸਿੰਘ ਵਾਸੀ ਹਮੀਦੀ ਦੀ ਧੀ ਸੁਮਨਦੀਪ ਕੌਰ ਨੇ ਆਖਿਆ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਮਜਦੂਰਾਂ,ਵਪਾਰੀਆਂ ਤੇ ਹੋਰ ਵੱਖ ਵੱਖ ਵਰਗਾਂ ਦੇ ਘਰ ਹਨੇਰਾ ਪੱਸਰਨ ਦਾ ਕੋਈ ਫਿਕਰ ਨਹੀਂ ਹੈ। ਇਸ ਕਰਕੇ ਹਕੂਮਤ ਕਾਰਪੋਰੇਟ ਘਰਾਣਿਆਂ ਪੱਖੀ ਤੇ ਖੇਤੀ ਵਿਰੋਧੀ ਫੈਸਲੇ ਲੈਣ ਲੱਗੀ ਹੈ। ਸੁਮਨਦੀਪ ਕੌਰ ਪੰਜਾਬੀ ਯੂਨੀਵਰਸਿਟੀ ਤੋਂ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕਰ ਰਹੀ ਹੈ ਜਿਸ ’ਚ ਹੁਣ ਉਸ ਦਾ ਤੀਸਰੇ ਸਾਲ ਦੀ ਵਿਦਿਆਰਥੀ ਹੈ। ਉਸਨੂੰ ਸੰਘਰਸ਼ ਦੀ ਗੁੜਤੀ ਪਿਤਾ ਤੋਂ ਮਿਲੀ ਹੈ ਜਿਸ ਨਾਲ ਉਹ ਕਈ ਮੋਰਚਿਆਂ ’ਚ ਸ਼ਾਮਲ ਹੋਈ ਹੈ।
ਉਸ ਨੇ ਆਖਿਆ ਕਿ ਖੇਤਾਂ ਦੇ ਪੁੱਤ ਹੀ ਨਹੀਂ ਹੁੰਦੇ ਬਲਕਿ ਧੀਆਂ ਵੀ ਹੁੰਦੀਆਂ ਹਨ ਜਿਸ ਕਰਕੇ ਉਸ ਨੇ ਸੰਘਰਸ਼ ’ਚ ਕੁੱਦਣ ਦਾ ਫੈਸਲਾ ਲਿਆ ਹੈ। ਸੁਮਨਦੀਪ ਦੱਸਦੀ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਪੁੱਤਾਂ ਨਾਲੋਂ ਵੱਧ ਲਾਡ ਪਿਆਰ ਨਾਲ ਪਾਲਿਆ ਹੈ। ਉਸ ਦਾ ਕਹਿਣਾ ਸੀ ਕਿ ਹੁਣ ਜਦੋਂ ਕਿਸਾਨੀ ਡੂੰਘੇ ਸੰਕਟ ’ਚ ਹੈ ਤਾਂ ਉਸ ਨੇ ਵੀ ਆਪਣਾ ਫਰਜ ਪਛਾਣਦਿਆਂ ਇਹੋ ਫੈਸਲਿਆ ਲਿਆ ਹੈ ਕਿ ਖੇਤੀ ਬਿੱਲਾਂ ਨੂੰ ਲੈ ਕੇ ਹਕੂਮਤ ਨਾਲ ਟੱਕਰ ਲਈ ਜਾਏ। ਸੁਮਨਦੀਪ ਨੇ ਆਖਿਆ ਕਿ ਮੋਦੀ ਹਕੂਮਤ ਨੇ ਖੁਦਕਸ਼ੀਆਂ ਤੇ ਕਰਜਿਆਂ ਕਾਰਨ ਦੁੱਖਾਂ ਹੱਥੋਂ ਹਾਰੇ ਕਿਸਾਨਾਂ ਦੇ ਪ੍ਰੀਵਾਰਾਂ ਦੇ ਹੌਂਕਿਆਂ ਤੋਂ ‘ਖੇਤੀ ਸੰਕਟ’ ਦੀ ਗਹਿਰਾਈ ਨਹੀਂ ਨਾਪੀ ਹੈ।
ਉਸ ਨੇ ਆਖਿਆ ਕਿ ਹਕੂਮਤਾਂ ਦੇ ਦਿਲਾਂ ਵਿੱਚੋਂ ਕਿਸਾਨਾਂ ਮਜਦੂਰਾਂ ਦੇ ਦੁੱਖ ਮਨਫੀ ਹਨ ਜਿਸ ਕਰਕੇ ਹੁਣ ਪੈਲੀਆਂ ਤੇ ਅੱਖ ਰੱਖ ਲਈ ਹੈ ਪਰ ਲੋਕ ਅਜਿਹਾ ਹੋਣ ਨਹੀਂ ਦੇਣਗੇ। ਸੁਮਨਦੀਪ ਨੇ ਕਾਫੀ ਤਿੱਖੇ ਲਹਿਜੇ ’ਚ ਕਿਹਾ ਕਿ ਪੰਜਾਬ ਦੀਆਂ ਧੀਆਂ ਹੁਣ ਉੱਠ ਖੜੀਆਂ ਹਨ ਇਸ ਲਈ ਸਰਕਾਰ ਨੂੰ ਖੇਤੀ ਬਿੱਲ ਵਾਪਿਸ ਲਣ ਲਈ ਮਜਬੂਰ ਕਰਕੇ ਪਿੱਛੇ ਹਟਣਗੀਆਂ। ਉਸ ਨੇ ਆਖਿਆ ਕਿ ਕਿਸਾਨਾਂ, ਮਜਦੂਰਾਂ,ਮੁਲਾਜਮਾਂ ਅਤੇ ਹੋਰ ਵੱਖ ਵੱਖ ਵਰਗਾਂ ਦੇ ਵਿਹੜੇ ਸੂਰਜ ਚੜ ਪਿਆ ਹੈ ਇਸ ਲਈ ਹੁਣ ਮੋਦੀ ਸਰਕਾਰ ਨੂੰ ਵੀ ਹਨੇਰੇ ਦਾ ਅਹਿਸਾਸ ਹੋਵੇਗਾ। ਉਨਾਂ ਪੰਜਾਬ ਦੇ ਲੋਕਾਂ ਨੂੰ ਹੁਣ ਮੌਜੂਦਾ ਦੌਰ ਦੀ ਚੁਣੌਤੀ ਸਮਝਣ ਅਤੇ ਲੰਮੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਮੌਜੂਦਾ ਦੌਰ ਨਾਲ ਖਹਿਕੇ ਲੰਘਣਾ ਪਵੇਗਾ-ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਸੀਨੀਅਰ ਆਗੂ ਨਰੈਣ ਦੱਤ ਦਾ ਕਹਿਣਾ ਸੀ ਕਿ ਸਥਿਤੀ ਅਜਿਹੀ ਬਣ ਗਈ ਹੈ ਕਿ ਪੰਜਾਬ ਦੀਆਂ ਧੀਆਂ ਨੂੰ ਚੰਡੀ ਬਣਕੇ ਮੈਦਾਨ ’ਚ ਨਿਤਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਹਰ ਮਿੱਥ ਨੂੰ ਤੋੜ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਤਾਂ ਨਾਲ ਲੜਨ ਤੋਂ ਸਿਵਾਏ ਕੋਈ ਚਾਰਾ ਹੀ ਨਹੀਂ ਬਚਿਆ ਹੈ। ਉਨ੍ਹਾਂ ਚੇਤਾ ਕਰਾਇਆ ਕਿ ਜੇ ਅੱਜ ਚੁੱਪ ਰਹੇ ਤਾਂ ਭਲਕੇ ਪੰਜਾਬ ਦੇ ਘਰ ਘਰ ’ਚ ਸਨਾਟਾ ਛਾ ਜਾਏਗਾ। ਉਨ੍ਹਾਂ ਆਖਿਆ ਕਿ ਅੱਜ ਸਾਰੇ ਵੀ ਵਰਗ ਅੱਜ ਵੱਡੇ ਖਤਰੇ ’ਚ ਹਨ ਜਿਨ੍ਹਾਂ ਦੇ ਬਚਾਅ ਲਈ ਜਿਘਦਗੀ ਮੌਤ ਦੀ ਲੜਾਈ ਲੜਨੀ ਪਵੇਗੀ। ਦੱਤ ਨੇ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਇਸ ਸੰਕਟ ਦੌਰਾਨ ਉਹ ਪੰਜਾਬ ਦਾ ਨਾਜ਼ ਬਚਾਉਣ ਲਈ ਅਜਾਦੀ ਦੀ ਲੜਾਈ ਵਾਂਗ ਅੰਦੋਲਨ ’ਚ ਉੱਤਰਨ।