ਅਸ਼ੋਕ ਵਰਮਾ
- ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਵਿਰੁੱਧ ਡਟਣ ਦਾ ਐਲਾਨ
ਬਠਿੰਡਾ, 25 ਸਤੰਬਰ 2020 - ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ ਅਤੇ ਕਿਸਾਨਾਂ,ਖੇਤ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਨੂੰ ਖੁਦਕਸ਼ੀਆਂ ਕਰਨ ਲਈ ਹਾਲਤ ਬਣਾਉਣ ਵਾਲੇ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਨੂੰ ਅੱਗਾਂ ਲਾਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ । ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਪਿੰਡ ਕੋਟੜਾ ਕੌੜਾ, ਸਿਬੀਆਂ,ਕੋਠੇ ਨੱਥਾ ਸਿੰਘ ,ਮਾੜੀ, ਕੋਠੇ ਲਾਲ ਸਿੰਘ,ਮਹਿਮਾ ਸਰਜਾ,ਕੋਠਾ ਗੁਰੂ ,ਜਿਉਂਦ ,ਜੇਠੂਕੇ ,ਲਹਿਰਾ ਮਹੱਬਤ, ਚਨਾਰਥਲ ਅਤੇ ਸਧਾਣਾ ਦੇ ਮਜਦੂਰ ਵਿਹੜਿਆਂ ਵਿੱਚ ਅਰਥੀ ਫੂਕ ਰੋਸ ਮਾਰਚ ਕੀਤੇ ਗਏ ।
ਇਨ੍ਹਾਂ ਥਾਵਾਂ ਤੇ ਇਕੱਤਰ ਹੋਏ ਖੇਤ ਮਜਦੂਰਾਂ ਨੂੰ ਸਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਮਾਸਟਰ ਸੇਵਕ ਸਿੰਘ, ਗੋਬਿੰਦ ਸਿੰਘ ਕੋਟੜਾ ,ਮਨਪ੍ਰੀਤ ਸਿੰਘ ਕੋਟੜਾ, ਮਨਦੀਪ ਸਿੰਘ ਸਿਬਿਆਂ, ਤੀਰਥ ਸਿੰਘ ਕੋਠਾ ਗੁਰੂ, ਹੰਸਾਂ ਸਿੰਘ ਕੋਠੇ ਨੱਥਾ ਸਿੰਘ , ਬਲਵਿੰਦਰ ਸਿੰਘ ਮਾਲੀ,ਹਰਪਾਲ ਸਿੰਘ ਜਿਉਂਦ,ਕੌਰਾ ਸਿੰਘ ਸਧਾਣਾ ,ਰਣਜੀਤ ਸਿੰਘ ਜੇਠੂਕੇ,ਕੁਲਵੰਤ ਸਿੰਘ ਮਾੜੀ,ਜਰਨੈਲ ਸਿੰਘ ਚਨਾਰਥਲ, ਅਤੇ ਨੈਬ ਸਿੰਘ ਲਹਿਰਾ ਮਹੱਬਤ ਆਦਿ ਆਗੂਆਂ ਨੇ ਕਿਹਾ ਕਿ ਪਾਸ ਕੀਤੇ ਖੇਤੀ ਬਿੱਲ ਜਿੱਥੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ ਉਥੇ ਖੇਤ ਮਜ਼ਦੂਰਾਂ ਦੇ ਪਹਿਲਾਂ ਹੀ ਘਟੇ ਰੁਜ਼ਗਾਰ ਨੂੰ ਵੀ ਖਤਮ ਕਰ ਦੇਣਗੇ । ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਖਤਮ ਹੋਣ ਨਾਲ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪੈ ਜਾਵੇਗਾ ।
ਉਨ੍ਹਾਂ ਕਿਹਾ ਕਿ ਇਹ ਬਿੱਲ ਕਿਰਤੀ ਕਿਸਾਨਾਂ ਦੀ ਮੌਤ ਦੇ ਵਰੰਟਾਂ ਦੇ ਸਮਾਨ ਅਤੇ ਕਾਰਪੋਰੇਟ ਘਰਾਣਿਆ,ਦੇਸੀ ਵਿਦੇਸ਼ੀ ਕੰਪਨੀਆਂ ਅਤੇ ਸਾਮਰਾਜੀ ਮੁਲਕਾਂ ਨੂੰ ਪਹਿਲਾਂ ਨਾਲੋ ਵੀ ਵੱਧ ਮੁਨਾਫ਼ੇ ਕਮਾਉਣ ਦਾ ਸਾਧਨ ਹਨ। ਜਿਸ ਨਾਲ ਉਨ੍ਹਾਂ ਦੀਆਂ ਤਿਜੋਰੀਆਂ ਹੋਰ ਵੀ ਧੰਨ ਨਾਲ ਭਰਭੂਰ ਹੋ ਜਾਣਗੀਆਂ । ਬੁਲਾਰਿਆਂ ਨੇ ਮੋਦੀ ਹਕੂਮਤ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਵਿਰੋਧੀ ਸੋਧਾਂ ਦੀ ਵੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਸਰਮਾਏਦਾਰਾਂ ਨੂੰ ਮਜਦੂਰਾਂ ਨਾਲ ਧੱਕੇਸ਼ਾਹੀ ਅਤੇ ਲੁੱਟ-ਖਸੁੱਟ ਕਰਨ ਦੀਆਂ ਖੁੱਲ੍ਹਾਂ ਦੇ ਦਿੱਤੀਆਂ ਹਨ । ਉਨ੍ਹਾਂ ਆਖਿਆ ਕਿ ਖੇਤ ਮਜਦੂਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਬਿੱਲਾਂ ਖਿਲਾਫ ਲੜਾਈ ਲੜਨਗੇ।
ਮਜਦੂਰ ਜੱਥੇਬੰਦੀ ਨੇ ਕੈਪਟਨ ਸਰਕਾਰ ਤੋਂ ਖੇਤ ਮਜਦੂਰ ਔਰਤਾਂ ਦੇ ਫਾਈਨਾਸ਼ ਕੰਪਨੀਆਂ ਦੇ ਕਰਜੇ ਮਾਫ ਕਰਨ, ਮਜਦੂਰਾਂ ਨੂੰ ਸਸਤੀਆਂ ਵਿਆਜ ਦਰਾਂ ਤੇ ਸਰਕਾਰੀ ਬੈਂਕਾਂ ਤੋਂ ਲੰਮੀ ਮਿਆਦ ਦੇ ਬਿਨਾਂ ਗਰੰਟੀ ਦੇ ਕਰਜੇ ਦੇਣ, ਘਰੇਲੂ ਬਿਜਲੀ ਬਿੱਲ ਮਾਫ ਕਰਨ,ਕੱਟੇ ਨੀਲੇ ਕਾਰਡ ਚਾਲੂ ਕਰਨ,ਮਨਰੇਗਾ ਦਿਹਾੜੀ 600 ਰੁਪੈ ਕਰਨ ਅਤੇ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਰਾਹੀਂ ਫਾਲਤੂ ਨਿਕਲਦੀਆਂ ਜਮੀਨਾਂ ਖੇਤ ਮਜਦੂਰਾਂ ਵਿੱਚ ਵੰਡਣ ਦੀ ਮੰਗ ਵੀ ਕੀਤੀ । ਉਨ੍ਹਾਂ ਸਰਕਾਰ ਨੂੰ ਚਿਤਾਵਾਨੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਖੇਤ ਮਜਦੂਰਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।