ਅਸ਼ੋਕ ਵਰਮਾ
ਬਠਿੰਡਾ, 26 ਸਤੰਬਰ 2020 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 24 ਸਤੰਬਰ ਤੋਂ 26 ਸਤੰਬਰ ਤੱਕ ਚੱਲ ਰਹੇ ਇਹ ਰੇਲ ਜਾਮ ਦੇ ਨਾਲ ਤਾਲਮੇਲ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਅੱਜ 4 ਥਾਵਾਂ ਭਾਈ ਬਖਤੌਰ, ਸੰਗਤ, ਗੋਨਿਆਣਾ ਅਤੇ ਰਾਮਪੁਰਾ ਵਿਖੇ 10 ਵਜੇ ਤੋਂ 4 ਵਜੇ ਤੱਕ ਰੇਲਵੇ ਲਾਈਨਾਂ ਤੇ ਧਰਨੇ ਲਾਏ। ਅੱਜ ਦੇੇ ਮੁੱਖ ਬੁਲਾਰਿਆਂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ ਰਾਮ ਨਗਰ, ਬਸੰਤ ਸਿੰਘ ਕੋਠਾ ਗੁਰੂ ,ਜਗਸੀਰ ਸਿੰਘ ਝੁੰਬਾ ,ਕੁਲਵੰਤ ਸ਼ਰਮਾ ਅਤੇ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਾਨੂੰਨ , ਬਿਜਲੀ ਸੋਧ ਕਾਨੂੰਨ 2020 ਅਤੇ ਜਮੀਨ ਗ੍ਰਹਿਣ ਪ੍ਰਾਪਤੀ ਸੋਧ ਕਨੂੰਨ 2020 ਲਾਗੂ ਹੋਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵਪਾਰੀਆਂ ਅਤੇ ਵੱਡੇ ਵਪਾਰਕ ਘਰਾਣਿਆਂ ਦੇ ਰਹਿਮੋ-ਕਰਮ ਤੇ ਰਹਿ ਜਾਣਗੀਆਂ। ਬਿਜਲੀ ਸੋਧ ਕਨੂੰਨ ਨਾਲ ਖੇਤੀ ਮੋਟਰਾਂ ਦੇ ਵੱਡੇ-ਵੱਡੇ ਬਿੱਲ ਆਉਣਗੇ ਅਤੇ ਖੇਤ ਮਜਦੂਰਾਂ ਨੂੰ ਮਿਲਦੀ ਘਰੇਲੂ ਬਿਜਲੀ ਬਿੱਲਾਂ ਤੇ ਸਬਸਿਡੀ ਖਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਕਿਸਾਨਾਂ ਵੱਲੋਂ ਸੰਘਰਸ਼ ਕਰਕੇ ਕੰਪਨੀਆਂ ਨੂੰ ਜਮੀਨ ਗ੍ਰਹਿਣ ਕਰ ਕੇ ਦੇਣ ਦੀ ਅੱਸੀ ਫੀਸਦੀ ਕਿਸਾਨਾਂ ਦੀ ਸਹਿਮਤੀ ਦੀ ਸ਼ਰਤ ਜ਼ਮੀਨ ਗ੍ਰਹਿਣ ਪ੍ਰਾਪਤੀ ਕਾਨੂੰਨ ਵਿੱਚ ਸੋਧ ਕਰਕੇ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੇ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜਬੂਰ ਹੋਣਾ ਪਵੇਗਾ ਅਤੇ ਵੱਡੀਆਂ ਦੇਸੀ ਬਦੇਸੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆ ਨੂੰ ਕਿਸਾਨਾਂ ਦੀਆਂ ਜਮੀਨਾਂ ਦੇ ਮਾਲਕ ਬਣ ਜਾਣਗੀਆਂ । ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਭੁਲੇਖਾ ਹੈ ਕਿ ਕਿਸਾਨ ਤੋਂ ਜ਼ਮੀਨ ਖੋਹ ਲਈ ਜਾਏਗੀ ਅਤੇ ਮਜਦੂਰਾਂ ਦਾ ਰੁਜ਼ਗਾਰ ਉਜਾੜ ਕੀਤਾ ਜਾਵੇਗਾ ਪੰਜਾਬ ਦੇ ਬਹਾਦਰ ਲੋਕ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਅਗਵਾਈਆਪਣੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ ਕਰਦੇ ਹੋਏ ਕਿਸੇ ਵੀ ਕੰਪਨੀ ਦਾ ਪੈਰ ਆਪਣੀ ਜਮੀਨ ਵਿੱਚ ਨਹੀਂ ਪੈਣ ਦੇਣਗੇ ਅਤੇ ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਇਹ ਕਾਨੂੰਨ ਰੱਦ ਕਰਵਾ ਕੇ ਰਹਿਣਗੇ ।
ਉਨ੍ਹਾਂ ਕੱਲ ਅਕਾਲੀ ਦਲ ਬਾਦਲ ਵੱਲੋਂ ਜੋ ਕਿ ਪਹਿਲਾਂ ਹੀ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਦਸਤਖਤ ਕੀਤੇ ਹਨ ਵੱਲੋਂ ਲਾਏ ਜਾ ਰਹੇ ਧਰਨਿਆਂ ਅਤੇ ਮੰਤਰੀ ਪਦ ਤੋਂ ਦਿੱਤੇ ਅਸਤੀਫੇ ਸਬੰਧੀ ਕਿਹਾ ਤੇ ਅਕਾਲੀ ਦਲ ਬਾਦਲ ਖਿਲਾਫ ਕਿਸਾਨਾਂ ਦਾ ਗੁੱਸਾ ਇਹਨਾਂ ਦੇ ਧਰਨਿਆਂ ਨਾਲ ਠੰਢਾ ਨਹੀਂ ਹੋਣ ਵਾਲਾ ਕਿਉਂਕਿ ਬਾਦਲ ਵੱਲੋਂ ਭਾਜਪਾ ਨਾਲ ਨਾਤਾ ਜਿਉਂ ਦਾ ਤਿਉਂ ਬਣਾਇਆ ਹੋਇਆ ਹੈ । ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਵੀ ਵਿਧਾਨ ਸਭਾ ਵਿੱਚ ਇਹ ਕਾਨੂੰਨ ਰੱਦ ਕਰਨ ਦਾ ਮਤਾ ਪਾ ਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦਾ ਢੌਂਗ ਕਰ ਰਹੀ ਹੈ ਜਦੋਂ ਕਿਸਾਨ ਵਿਰੋਧੀ ਨੀਤੀਆਂ ਬਣਾਉਣ ਲਈ ਕਾਂਗਰਸ ਪਾਰਟੀ ਵੀ ਝੰਡਾਬਰਦਾਰ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਕਾਨੂੰਨ ਰੱਦ ਕਰਾਉਣ ਲਈ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਸ਼ਾਮਲ ਹੋਣ ਤਾਂ ਕਿ ਇਹਨਾਂ ਕਨੂੰਨਾਂ ਨੂੰ ਰੱਦ ਕਰਵਾ ਸਕੀਏ।
ਅੱਜ ਦੇ ਇਕੱਠਾਂ ਨੂੰ ਦਰਸ਼ਨ ਸਿੰਘ ਮਾਈਸਰਖਾਨਾ, ਸੁਖਦੇਵ ਸਿੰਘ ਰਾਮਪੁਰਾ, ਜਗਦੇਵ ਸਿੰਘ ਜੋਗੇ ਵਾਲਾ, ਜਗਸੀਰ ਸਿੰਘ ਝੁੰਬਾ, ਹਰਪ੍ਰੀਤ ਕੌਰ ਜੇਠੂਕੇ ਅਤੇ ਪਰਮਜੀਤ ਕੌਰ ਪੀਐਸਯੂ ਸਹੀਦ ਰੰਧਾਵਾ ਦੇ ਅਮੀਤੋਜ , ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਮੌੜ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੇਵਕ ਸਿੰਘ, ਠੇਕਾ ਮੁਲਾਜਮ ਸੰਘਰਸ ਕਮੇਟੀ ਦੇ ਗੁਰਵਿੰਦਰ ਪੰਨੂੰ , ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਗੁਰਜੰਟ ਸਿੰਘ ਸਿਵੀਆਂ, ਡੀਟੀਐਫ ਦੇ ਰੇਸ਼ਮ ਸਿੰਘ, ਰਮਸਾ ਅਧਿਆਪਕ ਯੂਨੀਅਨ ਦੇ ਦੀਦਾਰ ਸਿੰਘ ਮੁੱਦਕੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਨੇ ਵੀ ਸੰਬੋਧਨ ਕੀਤਾ।