ਪਰਵਿੰਦਰ ਸਿੰਘ ਕੰਧਾਰੀ
- ਭਾਜਪਾ ਦੇ ਮਹਿੰਦਰ ਸਿੰਘ ਜੋੜਾ ਨੇ ਕਿਸਾਨਾਂ ਦੇ ਹੱਕ 'ਚ' ਮਾਰਿਆ ਹਾਂ ਦਾ ਨਾਅਰਾ, ਦਿੱਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ
ਫਰੀਦਕੋਟ, 26 ਸਤੰਬਰ 2020 - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਜੌੜਾ ਨੇ ਕਿਸਾਨਾ ਖਿਲਾਫ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨ ਕਾਲੇ ਕਾਨੂੰਨਾ ਦੇ ਰੋਸ ਵਜੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਮੈਂ ਲਗਾਤਾਰ 12 ਸਾਲ ਪਾਰਟੀ ਪ੍ਰਤੀ ਪੂਰੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਕੰਮ ਕਰਦਾ ਰਿਹਾ, ਪਾਰਟੀ ਦਾ ਜੋ ਵੀ ਹੁਕਮ ਆਇਆ, ਉਸਨੂੰ ਸਿਰ ਮੱਥੇ ਰੱਖ ਕੇ ਨੇਪਰੇ ਚੜਾਇਆ ਪਰ ਮੋਦੀ ਸਰਕਾਰ ਦੀ ਕਿਸਾਨ ਮਾਰੂ ਨੀਤੀ ਨੇ ਮੈਨੂੰ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ ਕਰਕੇ ਰੱਖ ਦਿੱਤਾ, ਜਿਸ ਕਰਕੇ ਮੈਂ ਭਾਜਪਾ ਨੂੰ ਤਿਲਾਂਜ਼ਲੀ ਦੇਣ ਲਈ ਮਜਬੂਰ ਹੋ ਗਿਆ। ਉਸ ਨੇ ਮੰਨਿਆ ਕਿ 12 ਸਾਲ ਤੱਕ ਭਾਜਪਾ ਨਾਲ ਜੁੜੇ ਰਹਿਣਾ ਮੇਰੀ ਵੱਡੀ ਭੁੱਲ ਸੀ।
ਟੀਵੀ ਚੈਨਲ ਦੇ ਕੈਮਰੇ ਸਾਹਮਣੇ ਪਾਰਟੀ 'ਚ ਦਮ ਘੁਟਣ ਵਾਲੀਆਂ ਗੱਲਾਂ ਦਾ ਖੁਲਾਸਾ ਕਰਦਿਆਂ ਮਹਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਬੀਜੇਪੀ ਦੀ ਪੰਜਾਬ ਇਕਾਈ ਦੀ ਹਾਈਕਮਾਂਡ ਸਿਰਫ ਦਿੱਲੀ ਵੱਲ ਦੇਖਦੀ ਹੈ ਤੇ ਦਿੱਲੀ ਦੇ ਹੁਕਮਾਂ ਦੀ ਹੀ ਸੁਣਵਾਈ ਕਰਦੀ ਹੈ ਪਰ ਉਸਨੂੰ ਹੇਠਲੇ ਪੱਧਰ ਦੇ ਵਰਕਰਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਨਾਲ ਕੋਈ ਸਰੋਕਾਰ ਨਹੀਂ। ਕਿਸਾਨਾ ਨਾਲ ਹਮਦਰਦੀ ਪ੍ਰਗਟਾਉਂਦਿਆਂ ਮਹਿੰਦਰ ਸਿੰਘ ਜੌੜਾ ਨੇ ਆਖਿਆ ਕਿ ਦੁਨੀਆਂ ਦੇ ਇਤਿਹਾਸ 'ਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਜ਼ਮੀਨਾਂ ਦੇ ਮਾਲਕਾਂ ਨੂੰ ਆਪਣੀਆਂ ਹੀ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਾ ਪਵੇ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਕਿਸਾਨ ਵੀਰਾਂ ਦਾ ਹੱਕ ਖੋਹ ਕੇ ਦੋ-ਚਾਰ ਵੱਡੇ ਘਰਾਣਿਆਂ ਦੇ ਢਿੱਡ ਭਰਨ ਲਈ ਯਤਨਸ਼ੀਲ ਹੈ, ਕਿਸਾਨਾ ਲਈ ਇਸ ਤੋਂ ਮਾੜਾ ਸਮਾਂ ਹੋਰ ਕੀ ਹੋਵੇਗਾ ? ਉਨ੍ਹਾਂ ਦਾਅਵਾ ਕੀਤਾ ਕਿ ਉਹ ਹੁਣ ਕਦੇ ਵੀ ਭਾਜਪਾ 'ਚ ਵਾਪਸ ਜਾਣ ਬਾਰੇ ਸੋਚੇਗਾ ਵੀ ਨਹੀਂ ਪਰ ਭਾਜਪਾ ਨੂੰ ਪੰਜਾਬੀਆਂ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈਣਾ ਚਾਹੀਦਾ, ਕਿਉਂਕਿ ਪੰਜਾਬੀ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਉਹ ਹਾਕਮਾਂ ਦੀਆਂ ਜਿਆਦਤੀਆਂ ਬਰਦਾਸ਼ਤ ਨਹੀਂ ਕਰਨਗੇ।