ਅਸ਼ੋਕ ਵਰਮਾ
ਬਠਿੰਡਾ, 27 ਸਤੰਬਰ 2020 - ਅੱਜ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਪਹਿਲੀ ਅਕਤੂਬਰ ਨੂੰ ਰੇਲਾਂ ਜਾਮ ਕਰਨ ਬਾਰੇ ਰਣਨੀਤੀ ਘੜੀ ਅਤੇ ਸਮੂਹ ਸ਼ਘਰਸ਼ੀ ਲੋਕਾਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਵਰਕਿੰਗ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਬਠਿੰਡਾ ਰੇਲਵੇ ਜੰਕਸ਼ਨ,ਰਾਮਪੁਰਾ ਰੇਲਵੇ ਸਟੇਸ਼ਨ ਅਤੇ ਮੌੜ ਮੰਡੀ ਰੇਲਵੇ ਸਟੇਸ਼ਨ ਸਮੇਤ ਤਿੰਨਾਂ ਥਾਵਾਂ ਤੇ ਕਿਸਾਨ ਨਾਕੇ ਲਗਾ ਕੇ ਅਣਮਿੱਥੇ ਸਮੇਂ ਲਈ ਰੇਲ ਗੱਡੀਆਂ ਦਾ ਚੱਕਾ ਜਾਮ ਕਰਨਗੇ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਦੀ ਸੂਬਾ ਲੀਡਰਸ਼ਿਪ ਦੇ ਫੈਸਲੇ ਅਨੁਸਾਰ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਬਿੱਲ ਵਾਪਸ ਨਹੀਂ ਲੈਂਦੀ ਤਦ ਤੱਕ ਇਹ ਰੇਲਵੇ ਜਾਮ ਜਾਰੀ ਰਹੇਗਾ।
ਬਰਾੜ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਨੇ ਕਿਸਾਨੀ ਸੰਘਰਸ਼ ਵਿੱਚ ਦੇ ਨੌਜਵਾਨਾਂ ਵੱਲੋਂ ਨਿਭਾਏ ਸ਼ਾਨਦਾਰ ਰੋਲ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਇੱਕਾ ਦੁੱਕਾ ਕਲਾਕਾਰਾਂ ਦੇ ਗਲਤ ਪ੍ਰਭਾਵ ਤੋਂ ਬਚ ਕੇ 28 ਸਤੰਬਰ ਦੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਸ ਦੀ ਕੁਰਬਾਨੀ ਨੂੰ ਚੇਤੇ ਕਰਕੇ ਲੋਕਾਂ ਦੀਆਂ ਹੱਕੀ ਮੰਗਾਂ ਲਈ ਜੂਝਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਕਿਸਾਨ ਆਗੂਆ ਨੇ ਸਮਾਜ ਦੇ ਸਾਰੇ ਵਰਗਾਂ ਨੂੰ 1 ਅਕਤੂਬਰ ਦੇ ਰੇਲ ਰੋਕੋ ਅੰਦੋਲਨ ਨੂੰ ਸਫਲ ਬਣਾਉਣ ਦੀ ਅਪੀਲ ਕਰਦਿਆਂ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਲੜਨ ਅਤੇ ਮਿਲ ਕੇ ਸੰਘਰਸ਼ ਕਰਨ ਦੀ ਲੋੜ ਤੇ ਜੋਰ ਦਿੱਤਾ। ਆਗੂਆਂ ਨੇ ਆਖਿਆ ਕਿ ਹੁਣ ਮੋਦੀ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ।
ਇਸ ਮੌਕੇ 25 ਸਤੰਬਰ ਦੇ ਸਫਲ ਪੰਜਾਬ ਬੰਦ ਲਈ ਪੰਜਾਬ ਦੇ ਕਿਸਾਨਾਂ ,ਮਜ਼ਦੂਰਾਂ ,ਮੁਲਾਜਮਾਂ ,ਆੜਤੀਆਂ,ਵਪਾਰ ਮੰਡਲ ਟਰੱਕ,ਟੈਕਸੀ,ਟੈਂਪੂ ਯੂਨੀਅਨਾਂ, ਦੋਧੀ ਯੂਨੀਅਨਾਂ ਅਤੇ ਸਮਾਜ ਦੇ ਹੋਰ ਵੱਖ ਵੱਖ ਵਰਗਾਂ ਦਾ ਧੰਨਵਾਦ ਵੀ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਬੀਕੇਯੂ ਡਕੌਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ,ਬੀਕੇਯੂ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ ,ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਿਲਾ ਪ੍ਰਧਾਨ ਹਰਨੇਕ ਸਿੰਘ ਆਲੀਕੇ , ਬੀਕੇਯੂ ਮਾਨਸਾ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਹਨੀ, ਜਮਹੂਰੀ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਤਾਰਾ ਸਿੰਘ ਕੋਟੜਾ ,ਬੀਕੇਯੂ ਲੱਖੋਵਾਲ ਦੇ ਜਿਲਾ ਪ੍ਰਧਾਨ ਦਾਰਾ ਸਿੰਘ ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਜਿਲਾ ਪ੍ਰਧਾਨ ਜਗਦੀਸ਼ ਸਿੰਘ ਗੁੰਮਟੀ ਕਲਾ ਬੀਕੇਯੂ ਕ੍ਰਾਂਤੀਕਾਰੀ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ,ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਮਹਿਰਾਜ ਆਦਿ ਹਾਜਰ ਸਨ।