ਮਨਿੰਦਰਜੀਤ ਸਿੱਧੂ
- ਗੰਗਸਰ ਜੈਤੋ ਰੇਲਵੇ ‘ਟੇਸ਼ਨ’ ਉੱਪਰ ਦੂਜੇ ਦਿਨ ਵੀ ਡਟੀਆਂ ਕਿਸਾਨ ਜੱਥੇਬੰਦੀਆਂ
ਜੈਤੋ, 02 ਅਕਤੂਬਰ 2020 - ਕੇਂਦਰ ਸਰਕਾਰ ਦੁਆਰਾ ਭਾਰੀ ਲੋਕ ਰੋਹ ਦੇ ਬਾਵਜੂਦ ਖੇਤੀਬਾੜੀ ਸੰਬੰਧੀ ਤਿੰਨੋਂ ਕਾਨੂੰਨ ਪਾਸ ਕਰ ਦਿੱਤੇ ਗਏ ਹਨ। ਕਾਨੂੰਨਾਂ ਦੇ ਪਾਸ ਹੋਣ ਤੋਂ ਬਾਅਦ ਕਿਸਾਨਾਂ ਨੇ ਸਰਕਾਰਾਂ ਵਿਰੁੱਧ ਆਪਣਾ ਸੰਘਰਸ਼ ਹੋਰ ਤੀਬਰ ਕਰ ਦਿੱਤਾ ਹੈ। 31 ਕਿਸਾਨ ਜੱਥੇਬੰਦੀਆਂ ਦੇ ਇੱਕੋ ਮੰਚ ਤੇ ਆ ਜਾਣ ਕਾਰਨ ਆਪਣੀ ਹੋਂਦ ਤੇ ਆਈ ਗੱਲ ਅਤੇ ਮੋਦੀ ਸਰਕਾਰ ਨਾਲ ਕਰੜੇ ਹੱਥੀਂ ਆਢਾ ਲਾਉਣ ਦੇ ਰੌਂ ਵਿੱਚ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲ, ਪੈਟਰੋਲ ਪੰਪ, ਟੋਲ ਪਲਾਜ਼ਾ ਅਤੇ ਰੇਲਵੇ ਸਟੇਸ਼ਨ ਆਦਿ ਘੇਰਨੇ ਸ਼ੁਰੂ ਕਰ ਦਿੱਤੇ। ਇਸੇ ਲੜੀ ਤਹਿਤ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਸਮੂ੍ਹਹ ਵੱਲੋਂ ਗੰਗਸਰ ਜੈਤੋ (ਜੈਤੋ ਮੰਡੀ) ਦੇ ਰੇਲਵੇ ਸਟੇਸ਼ਨ ਉੱਪਰ ਅੱਜ ਦੂਜੇ ਦਿਨ ਧਰਨੇ ਉੱਪਰ ਬੈਠੇ ਨਜ਼ਰ ਆਏ। ਬੁਲਾਰਿਆਂ ਨੇ ਕੇਂਦਰ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਕੁੱਝ ਕੁ ਕਾਰਪੋਰੇਟ ਘਰਾਣਿਆਂ ਦੀ ਰਖੈਲ ਬਣ ਚੁੱਕੀ ਹੈ ਅਤੇ ਸਿਰਫ ਉਹਨਾਂ ਦੇ ਹਿੱਤਾਂ ਵਿੱਚ ਫੈਸਲੇ ਲੈ ਰਹੀ ਹੈ। ਸਾਰੇ ਸਰਕਾਰੀ ਅਦਾਰਿਆਂ ਨੂੰ ਟਕਿਆਂ ਦੇ ਭਾਅ ਵੇਚਣ ਤੋਂ ਬਾਅਦ ਇਹਨਾਂ ਦੀ ਨਿਗ੍ਹਾ ਹੁਣ ਸਾਡੀਆਂ ਜ਼ਮੀਨਾਂ ਉੱਪਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਹਨ।ਅਕਾਲੀ ਦਲ ਦੁਆਰਾ ਵੱਖਰੇ ਤੌਰ ਤੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਉਹਨਾਂ ਕਿਹਾ ਕਿ ਕਿਸਾਨ ਅੰਦੋਲਨਾਂ ਨੂੰ ਮੱਠਾ ਪਾਉਣ ਦੀ ਸਾਜਿਸ਼ ਹੈ। ਜੇਕਰ ਰਾਜਨੀਤਿਕ ਪਾਰਟੀਆਂ ਵਾਕਿਆ ਹੀ ਕਿਸਾਨ ਹਿਤੈਸ਼ੀ ਹਨ ਤਾਂ ਉਹ ਆਪੋ ਆਪਣੇ ਤੌਰ ‘ਤੇ ਰਾਜਨੀਤਿਕ ਰੋਟੀਆਂ ਸੇਕਣ ਦੀ ਬਜਾਏ ਕਿਸਾਨ ਜੱਥੇਬੰਦੀਆਂ ਦੇ ਝੰਡੇ ਹੇਠ ਇਕੱਠੇ ਹੋ ਕੇ ਲੜਨ।