ਅਸ਼ੋਕ ਵਰਮਾ
ਮਾਨਸਾ, 2 ਅਕਤੂਬਰ 2020 - ਅੱਜ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 31 ਜਥੇਬੰਦੀਆਂ ਦੇ ਸੱਦੇ ਤੇ ਜੋ 1 ਤਾਰੀਖ ਤੋਂ ਲੈ ਕੇ ਅਣਮਿਥੇ ਸਮੇਂ ਲਈ ਵਿੱਢੇ ਹੋਏ ਸੰਘਰਸ਼ ਦੇ ਦੂਜੇ ਦਿਨ ਵੀ ਬਣਾਂਵਾਲੀ ਵਧਾਤਾ ਕੰਪਨੀ ਦੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਗੇਟ ਤੇ ਹਜ਼ਾਰਾਂ ਕਿਸਾਨਾਂ/ਮਜ਼ਦੂਰਾਂ ਅਤੇ ਔਰਤਾਂ ਨੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਹੀ ਭੁਗਤੇਗੀ ਕਿਉਂਕਿ ਮੋਦੀ ਦੀ ਸਰਕਾਰ ਬਣਾਉਣ ਵਾਲੇ ਕਾਰਪੋਰੇਟ ਘਰਾਣੇ ਹੀ ਸਨ ਜਿਨ੍ਹਾਂ ਨੇ ਮੀਡੀਆ ਰਾਹੀਂ ਮੋਦੀ-ਮੋਦੀ ਹੀ ਕਰਿਆ ਸੀ। ਉਨਾਂ ਕਿਹਾ ਕਿ ਇਸੇ ਕਰਕੇ ਹੀ ਲੋਕ ਵਿਰੋਧੀ ਆਰਡੀਨੈਸ ਕੋਰੋਨਾ ਦੀ ਆੜ ਵਿੱਚ ਪਾਸ ਕਰ ਦਿੱਤਾ ਗਿਆ ਹੈ ਤੇ ਹੁਣ ਰਾਸ਼ਟਰਪਤੀ ਨੇ ਵੀ ਦਸਤਖਤ ਕਰ ਦਿੱਤੇ ਹਨ ਪਰ ਲੋਕਾਂ ਦੇ ਇਕੱਠ ਐਨੀ ਸ਼ਕਤੀ ਰੱਖਦੇ ਹਨ ਕਿ ਮੋਦੀਆ ਦੇ ਪਾਸ ਕੀਤੇ ਕਾਨੂੰਨ ਕਿਵੇਂ ਰੱਦ ਕਰਾਉਣੇ ਹਨ। ਉਪਰੋਕਤ ਤੋਂ ਇਲਾਵਾ ਧਰਨੇ ਨੂੰ ਉੱਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀ ਬਾਘਾ, ਭਾਨ ਬਰਨਾਲਾ, ਤਲਵੰਡੀ ਬਲਾਕ ਦੇ ਬਿੰਦਰ ਸਿੰਘ ਜੋਗੇਵਾਲ, ਨਛੱਤਰ ਸਿੰਘ ਬਹਿਮਣ, ਭੀਖੀ ਬਲਾਕ ਦੇ ਬੱਲਮ ਸਿੰਘ ਫਫੜੇ, ਸਾਧੂ ਸਿੰਘ ਅਲੀਸ਼ੇਰ, ਸਰਦੂਲਗੜ ਬਲਾਕ ਦੇ ਬਿੰਦਰ ਸਿੰਘ ਝੰਡਾ ਕਲਾਂ ਨੇ ਵੀ ਸੰਬੋਧਨ ਕੀਤਾ।