ਅਸ਼ੋਕ ਵਰਮਾ
ਬਠਿੰਡਾ, 3 ਅਕਤੂਬਰ 2020 - ਪੰਜਾਬ ਦੀਆਂ 31 ਜੱਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ ਅਤੇ ਤਾਲਮਲ ਵਾਲੇ ਅੰਦੋਲਨ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੋਲ ਪਲਾਜਿਆਂ,ਰਿਲਾਇੰਸ ਪੰਪਾਂ ਅਤੇ ਸ਼ਾਪਿੰਗ ਮਾਲਾਂ ਅੱਗੇ ਚੱਲ ਰਹੇ ਮੋਰਚੇ ਦੌਰਾਨ ਕਿਸਾਨਾਂ ਲੇ ਅੱਜ ਪ੍ਰਣ ਲਿਆ ਕਿ ਉਹ ਕਿਸਾਨੀ ਸੰਘਰਸ਼ ਲਈ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹਨ। ਇਨ੍ਹਾਂ ਧਰਨਿਆਂ ਨੂੰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ, ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੇਗੇਵਾਲਾ, ਜਗਸੀਰ ਸਿੰਘ ਝੁੰਬਾ, ਬਸੰਤ ਸਿੰਘ ਕੋਠਾ ਗੁਰੂ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਉਨਾਂ ਦੇ ਮਸਲੇ ਬਾਰੇ ਗੰਭੀਰ ਨਹੀਂ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨਾਂ ਆਖਿਆ ਕਿ ਕੇਂਦਰੀ ਹਕੂਮਤ ਇਹ ਭਰਮ ਪਾਲੀ ਬੈਠੀ ਹੈ ਕਿ ਕਿਸਾਨ ਕੁੱਝ ਦਿਨ ਰੌਲਾ ਪਾਕੇ ਘਰਾਂ ਨੂੰ ਚਲੇ ਜਾਣਗੇ ਜਦੋਂਕਿ ਕਿਸਾਨਾਂ ਨੇ ਫੈਸਲਾ ਕਰ ਲਿਆ ਹੈ ਕਿ ਬਿਨਾਂ ਪ੍ਰਾਪਤੀ ਤੋਂ ਪਿੱਛੇ ਨਹੀਂ ਹਟਿਆ ਜਾਏਗਾ।
ਉਨ੍ਹਾਂ ਆਖਿਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਕਿਸਾਨ ਮਜਦੂਰ ਖੁਦਕਸ਼ੀਆਂ ਦੇ ਰਾਹ ਪਏ ਹੋਏ ਹਨ ਜਦੋਂਕਿ ਖੇਤੀ ਲਾਗਤ ਵਸਤਾਂ ਦੇ ਸਨਅਤਕਾਰ ਅਤੇ ਕਾਰਪੋਰੇਨ ਘਰਾਣੇ ਮਾਲਾਮਾਲ ਹੋ ਰਹੇ ਹਨ ਪਰ ਹੁਣ ਤਾਂ ਮੋਦੀ ਸਰਕਾਰ ਨੇ ਖੇਤੀ ਸਣੇ ਮੁਲਕ ਦਾ ਸਭ ਕੁੱਝ ਅੰਬਾਨੀਆਂ ਅਡਾਨੀਆਂ ਹਵਾਲੇ ਕਰਨ ਵਾਲਾ ਫੈਸਲਾ ਕੀਤਾ ਹੈ ਜੋਕਿ ਪੰਜਾਬ ਦੇ ਸਭ ਵਰਗਾਂ ਨੂੰ ਤਬਾਹ ਕਰ ਦੇਵੇਗਾ। ਕਿਸਾਨ ਆਗੂਆਂ ਨੇ ਇਨ੍ਹਾਂ ਕਾਨੂੰਨਾਂ ਨੂੰ ਕਰੋਨਾ ਮਹਾਂਮਾਰੀ ਦੀ ਆੜ ਹੇਠ ਲੋਕਾਂ ਦੀ ਜਬਾਨਬੰਦੀ ਕਰ ਕੇ ਅਤੇ ਰਾਜ ਸਭਾ ਵਿੱਚ ਬਿਨਾਂ ਵੋਟਾਂ ਪਵਾਏ ਪਾਸ ਕਰਨ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ’ਚਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ ਹੈ ਜਿਸ ਨੇ ਵੀ ਕਰੋਨਾ ਦੀ ਆੜ ਹੇਠ ਇਹਨਾਂ ਕਾਨੂੰਨਾਂ ਨੂੰ ਪਾਸ ਕਰਾਉਣ ਲਈ ਪਾਬੰਦੀਆਂ ਲਾਈਆਂ ਹਨ।
ਕਿਸਾਨ ਬੁਲਾਰਿਆਂ ਨੇ ਕਿਹਾ ਕਿ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਨਾਂ ਕਾਨੂੰਨਾਂ ਨੂੰ ਕਰੋਨਾ ਮਹਾਮਾਰੀ ਤੋਂ ਵੀ ਵੱਡੀ ਮਹਾਂਮਾਰੀ ਸਮਝ ਕੇ ਸੰਘਰਸ਼ਾਂ ਦਾ ਤਿੱਖਾ ਰਾਹ ਚੁਣਿਆ ਹੈ ਜਿਸ ਨੂੰ ਬਿਨਾਂ ਨਤੀਜਿਆਂ ਖਤਮ ਨਹੀਂ ਕੀਤਾ ਜਾਏਗਾ। ਬੁਲਾਰਿਆਂ ਨੇ ਅੱਜ ਵੀ ਕਿਸਾਨਾਂ ,ਮਜਦੂਰਾਂ,ਵਪਾਰੀਆਂ ਤੇ ਹੋਰ ਵਰਗਾਂ ਨੂੰ ਸੱਦਾ ਦਿੱਤਾ ਕਿ ਉਹ ਸਿਆਸੀ ਲੋਕਾਂ ਤੋਂ ਭਲੇ ਦੀ ਆਸ ਛੱਡ ਤੇ ਸੰਘਰਸ਼ ਦੇ ਰਾਹੀ ਬਣਨ। ਅੱਜ ਦੇ ਇਕੱਠਾਂ ਨੂੰ ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਸ਼ਰਮਾ ਰਾਇਕੇ ਕਲਾਂ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ, ਅਮਨਦੀਪ ਕੌਰ ਲਹਿਰਾ ਬੇਗਾ , ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਦੇ ਅਮਿਤੋਜ ਸਿੰਘ, ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕਾਮ ਦੇ ਸੇਵਕ ਸਿੰਘ , ਨਰੇਗਾ ਵਰਕਰ ਯੂਨੀਅਨ ਦੇ ਆਗੂ ਕਰਮਜੀਤ ਸਿੰਘ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਤੀਰਥ ਸਿੰਘ ਕੋਠਾ ਗੁਰੂ ਅਤੇ ਮੈਡੀਕਲ ਪ੍ਰੈਕਟੀਸ਼ਨਰਜ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ।