ਰਾਜਵੰਤ ਸਿੰਘ
- ਕਿਸਾਨਾਂ ਨੇ ਲਗਾਏ ਪੱਕੇ ਡੇਰੇ, ਖੇਤੀ ਬਿੱਲ ਰੱਦ ਨਾ ਹੋਣ ਤੱਕ ਪੰਪ ਨਾ ਚੱਲਣ ਦੀ ਆਖ਼ੀ ਗੱਲ
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ 2020 - ਖੇਤੀ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਕਿਸਾਨਾਂ ਵਿੱਚ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਰੋਹ ਭਖਦਾ ਜਾ ਰਿਹਾ ਹੈ। ਮੋਦੀ ਸਰਕਾਰ ਦੇ ਨਾਲ-ਨਾਲ ਕਿਸਾਨਾਂ ਨੇ ਹੁਣ ਕਾਰੋਪੋਰੇਟ ਘਰਾਣਿਆਂ ਦੇ ਪੈਟਰੋਲ ਪੰਪਾਂ ਤੇ ਸ਼ਾਪਿੰਗ ਮਾਲਜ਼ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਹੀ ਤਸਵੀਰ ਸ੍ਰੀ ਮੁਕਤਸਰ ਸਾਹਿਬ ਅੰਦਰ ਅੱਜ ਦਿਖਾਈ ਦਿੱਤੀ ਹੈ।
ਸਥਾਨਕ ਮਲੋਟ ਰੋਡ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਨੂੰ ਹੁਣ ਕਿਸਾਨ ਆਗੂਆਂ ਨੇ ਅਣਮਿੱਥੇ ਸਮੇਂ ਲਈ ਘੇਰ ਲਿਆ ਹੈ। ਕਿਸਾਨਾਂ ਨੇ ਪੰਪ ’ਤੇ ਧਰਨਾ ਲਗਾ ਦਿੱਤਾ ਹੈ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਇਹ ਖੇਤੀ ਬਿੱਲ ਪਾਸ ਕੀਤੇ ਗਏ ਹਨ, ਉਹ ਸਰਾਸਰ ਕਿਸਾਨਾਂ ਨਾਲ ਧੱਕਾ ਹੈ ਤੇ ਇਸ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਸਮੱਰਥਨ ਬਾਰੇ ਕਿਹਾ ਕਿ ਉਹ ਕਿਸਾਨਾਂ ਦੇ ਝੰਡੇ ਹੇਠ ਆ ਕੇ ਬੈਠ ਸਕਦੇ ਹਨ, ਪਰ ਅਸੀ ਰਾਜਨਿਤਕ ਰੋਟੀਆਂ ਨਹੀਂ ਸੇਕਣ ਦੇਵਾਂਗੇਂ ਤੇ ਕਿਸੇ ਕਿਸਮ ਦੀ ਸਿਆਸਤ ਨਹੀਂ ਕਰਨ ਦਿੱਤੀ ਜਾਵੇਗੀ।
ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਿੰਨ੍ਹਾਂ ਸਮਾਂ ਖੇਤੀ ਬਿੱਲ ਵਾਪਿਸ ਨਹੀਂ ਲਏ ਜਾਂਦੇ,ਉਹ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੂੰ ਚੱਲਣ ਨਹੀਂ ਦੇਣਗੇ। ਵਰਣਨਯੋਗ ਹੈ ਕਿ ਖੇਤੀ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮਾਲਜ ਤੇ ਜੀਓ ਸਿਮਾਂ ਦੇ ਬਾਈਕਾਟ ਕਰਨ ਦਾ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਉਕਤ ਪੈਟਰੋਲ ਪੰਪ ’ਤੇ ਕਿਸਾਨਾਂ ਨੇ ਡੇਰੇ ਜਮ੍ਹਾ ਲਏ ਹਨ। ਖ਼ਬਰ ਲਿਖੇ ਜਾਣ ਤੱਕ ਪੈਟਰੋਲ ਪੰਪ ’ਤੇ ਕਿਸਾਨ ਧਰਨੇ ’ਤੇ ਡਟੇ ਹੋਏ ਸਨ ਤੇ ਨਾਅਰੇਬਾਜ਼ੀ ਕਰ ਰਹੇ ਸਨ।