- ਮਾਹਲਪੁਰ ਤੇ ਗੜ੍ਹਸ਼ੰਕਰ ਦੀਆਂ ਦਾਣਾ ਮੰਡੀਆਂ ਦਾ ਕੀਤਾ ਦੌਰਾ
ਗੜ੍ਹਸ਼ੰਕਰ, 8 ਅਕਤੂਬਰ 2020 - ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਨਵੇਂ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਨਾਲ ਧੱਕਾ ਕਰਨ ਦਾ ਦੋਸ਼ ਲਗਾਇਆ ਹੈ, ਜਿਸਦਾ ਅਸਰ ਪੂਰੇ ਸਮਾਜ ਤੇ ਪਵੇਗਾ। ਤਿਵਾੜੀ ਮਾਹਲਪੁਰ ਤੇ ਗੜ੍ਹਸ਼ੰਕਰ ਦੀਆਂ ਦਾਣਾ ਮੰਡੀਆਂ ਚ ਝੋਨੇ ਦੀ ਖ਼ਰੀਦ ਦੇ ਕਾਰਜਾਂ ਦਾ ਜਾਇਜ਼ਾ ਦਾਰ ਪਹੁੰਚੇ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਚ ਤਿਵਾੜੀ ਨੇ ਕਿਹਾ ਕਿ ਝੋਨੇ ਦੀ ਖਰੀਦ ਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ ਅਤੇ ਉਨ੍ਹਾਂ ਸਮੇਂ ਸਿਰ ਅਦਾਇਗੀ ਕੀਤੀ ਜਾ ਰਹੀ ਹੈ। ਜਿਸ ਲਈ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਹਿਤੈਸ਼ੀ ਨੀਤੀਆਂ ਦੀ ਸ਼ਲਾਘਾ ਕੀਤੀ ਜਿਹੜੇ ਲਗਾਤਾਰ ਕਿਸਾਨਾਂ ਨਾਲ ਹਰ ਸੰਘਰਸ਼ ਵਿੱਚ ਖੜ੍ਹੇ ਹਨ।
ਉੱਥੇ ਹੀ ਕੇਂਦਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ ਹੈ। ਜਿਸ ਤਰ੍ਹਾਂ ਕੇਂਦਰ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਧੱਕੇ ਨਾਲ ਇਨ੍ਹਾਂ ਕਾਨੂੰਨਾਂ ਨਾਲ ਜੁੜੇ ਬਿੱਲਾਂ ਨੂੰ ਪਾਸ ਕਰਵਾਇਆ ਅਤੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਦਾ ਕੰਮ ਕੀਤਾ।
ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹਿਤ ਚ ਹਰ ਵਕਤ ਮੌਜੂਦ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਵੱਲੋਂ ਲਗਾਤਾਰ ਇਸ ਵਿਸ਼ੇ ਤੇ ਕਦਮ ਚੁੱਕੇ ਜਾ ਰਹੇ ਹਨ। ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀ ਵੱਖ ਵੱਖ ਹਲਕਿਆਂ ਚ ਟਰੈਕਟਰ ਰੈਲੀਆਂ ਤੇ ਪਬਲਿਕ ਮੀਟਿੰਗਾਂ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਕਿਸਾਨਾਂ ਦੇ ਹਿੱਤ ਲਗਾਤਾਰ ਸੰਘਰਸ਼ ਜਾਰੀ ਰੱਖੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਐਮਐਲਏ ਲਵ ਕੁਮਾਰ ਗੋਲਡੀ, ਪੰਜਾਬ ਲਾਰਜ ਇੰਡਸਟਰੀਜ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਮਾਰਕੀਟ ਕਮੇਟੀ ਗੜ੍ਹਸ਼ੰਕਰ ਚੇਅਰਮੈਨ ਮੋਹਨ ਸਿੰਘ, ਪੰਕਜ ਕਿਰਪਾਲ, ਹਰਬੰਸ ਸਿੰਘ ਐਸਡੀਐਮ, ਜਾਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਅਜੈ ਸਿੰਘ ਬੋਪਾਰਾਏ, ਬਲਾਕ ਸਮਿਤੀ ਮੈਂਬਰ ਹਰਵਿੰਦਰ ਸੰਘਾ, ਕੌਸਲਰ ਪਾਲੀ, ਪਵਨ ਭੰਮੀਆਂ, ਜਾਟ ਮਹਾਂ ਸਭਾ ਹਲਕਾ ਪ੍ਰਧਾਨ ਬਲਬੀਰ ਢਿੱਲੋਂ, ਬਲਾਕ ਕਾਂਗਰਸ ਪ੍ਰਧਾਨ ਬਲਵੀਰ ਠਾਕੁਰ, ਸੁਭਾਸ਼ ਸ਼ਰਮਾ, ਬਿੰਦੂ ਮਾਨ, ਤੁਸ਼ਾਰ ਗੁਪਤਾ ਡੀਐੱਸਪੀ ਗੜ੍ਹਸ਼ੰਕਰ ਵੀ ਮੌਜੂਦ ਰਹੇ।