ਅਸ਼ੋਕ ਵਰਮਾ
ਮਾਨਸਾ, 9 ਅਕਤੂਬਰ 2020 - ਭਾਰਤੀ ਕਿਸਾਨ ਯੁਨੀਅਨ (ਉਗਰਾਹਾਂ) ਵੱਲੋਂ ਬੁਢਲਾਡਾ ਦੇ ਰੇਲਵੇ ਸਟੇਸ਼ਨ ‘ਤੇ ਦਿੱਤੇ ਜਾ ਰਹੇ ਲਗਾਤਾਰ ਧਰਨੇ ਦੌਰਾਨ ਇੱਕ 85 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ। ਜਿਸ ਨੂੰ ਜੱਥੇਬੰਦੀ ਨੇ ਸੰਘਰਸ਼ ਦੀ ਸ਼ਹੀਦ ਕਰਾਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰੇ ਦੇ ਕਿਸਾਨ ਆਗੂ ਬਾਬੂ ਸਿੰਘ ਬਰੇ ਅਤੇ ਮਿੱਠੂ ਸਿੰਘ ਦੀ ਮਾਤਾ ਤੇਜ਼ ਕੌਰ ਜੋ ਕਿ ਪਿਛਲੀ 2 ਤਾਰੀਖ ਤੋਂ ਰੋਜ਼ਾਨਾ ਧਰਨੇ 'ਚ ਆਉਦੀਂ ਸੀ। ਅੱਜ ਵੀ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਹੋਰਨਾਂ ਔਰਤਾਂ ਨਾਲ ਉਹ ਜੋਰਦਾਰ ਨਾਅਰੇਬਾਜੀ ਕਰ ਰਹੀ ਸੀ ਤਾਂ ਉਸ ਨੂੰ ਇੱਕਦਮ ਚੱਕਰ ਆ ਗਿਆ ਅਤੇ ਉਹ ਡਿੱਗ ਪਈ।
ਬਜ਼ੁਰਗ ਨੂੰ ਸਿਵਲ ਹਸਪਤਾਲ ਬੁਢਲਾਡਾ ਲਿਆਂਦਾਂ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ । ਇਥੇ ਪੁੱਜੇ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ, ਬਲਾਕ ਆਗੂ ਜਗਸੀਰ ਸਿੰਘ ਦੋਦੜਾ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਬੁਢਲਾਡਾ ਦੀ ਮੌਰਚਰੀ ’ਚ ਰੱਖਿਆ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਜਾਰੀ ਸੰਘਰਸ਼ਾਂ ਦੌਰਾਨ ਹੋਈ ਔਰਤ ਦੀ ਮੌਤ ਨੂੰ ਲੈਕੇ ਪੀੜਤ ਪਰਿਵਾਰ ਨੂੰ ਬਣਦੀ ਸਰਕਾਰੀ ਸਹਾਇਤਾ ਤਹਿਤ 10 ਲੱਖ ਰੁਪਏ ਦਾ ਨਗਦ ਮੁਆਵਜ਼ਾ, ਸਮੁੱਚਾ ਕਰਜ਼ਾ ਮੁਆਫੀ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।